ਨਿਊਜ਼ੀਲੈਂਡ ਪੁਲਿਸ ਵਿਚ ਭਰਤੀ ਹੋਇਆ ਪੰਜਾਬੀ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਜੋਕੇ ਸਮੇਂ ਵਿਚ ਪੰਜਾਬੀ ਨੌਜਵਾਨਾਂ ਦਾ ਜ਼ਿਆਦਾਤਰ ਸੁਪਨਾ ਵਿਦੇਸ਼ ਜਾਣਾ ਹੈ

Punjabi Youth selected in New Zealand Police

ਆਕਲੈਂਡ, ਅਜੋਕੇ ਸਮੇਂ ਵਿਚ ਪੰਜਾਬੀ ਨੌਜਵਾਨਾਂ ਦਾ ਜ਼ਿਆਦਾਤਰ ਸੁਪਨਾ ਵਿਦੇਸ਼ ਜਾਣਾ ਹੈ ਜੇਕਰ ਵਿਦੇਸ਼ ਦੇ ਵਿਚ ਪੱਕਾ ਹੋਣ ਦੇ ਨਾਲ ਨਾਲ ਮਨਭਾਉਂਦੀ ਨੌਕਰੀ ਮਿਲ ਜਾਵੇ ਤਾਂ ਇਸ ਤੋਂ ਵੱਡੀ ਗੱਲ ਕਿ ਹੋ ਸਕਦੀ ਹੈ। ਇਕ ਪੰਜਾਬੀ ਨੌਜਵਾਨ ਅਮਨਦੀਪ ਸਿੰਘ ਸੈਣੀ ਜੋ ਕਿ ਨਿਊਜ਼ੀਲੈਂਡ ਪੁਲਿਸ ਵਿਚ ਭਰਤੀ ਹੋਇਆ ਹੈ। ਆਕਲੈਂਡ ਘਰੇਲੂ ਹਵਾਈ ਅਡੇ ਉਤੇ ਅਮਨਦੀਪ ਸਿੰਘ ਸੈਣੀ ਦਾ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪਰਿਵਾਰ ਦੇ ਮੈਂਬਰਾਂ ਨੂੰ ਜਿਥੇ ਇਸ ਗੱਲ ਦੀ ਖੁਸ਼ੀ ਹੈ ਨਾਲ ਨਾਲ ਅਮਨਦੀਪ ਸਿੰਘ ਸੈਣੀ ਨੇ ਭਾਰਤੀ ਕਮਿਊਨਿਟੀ ਦਾ ਮਾਣ ਵਧਾਇਆ ਹੈ।

ਜਦੋਂ ਪੁਲਿਸ ਦੀ ਵਰਦੀ ਦੇ ਵਿਚ ਇਹ ਨੌਜਵਾਨ 'ਸੇਫਰ ਕਮਿਊਨਿਟੀ' ਦੇ ਪੁਲਿਸ ਮਾਟੋ ਉਤੇ ਪਹਿਰਾ ਦਿੰਦਾ ਹੈ ਤਾਂ ਅਮਨਦੀਪ ਆਪਣੇ ਆਪ ਵਿਚ ਬਹੁਤ ਮਾਣ ਮਹਿਸੂਸ ਕਰਦਾ ਹੈ। 29 ਸਾਲਾ ਇਹ ਨੌਜਵਾਨ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਹੈ। ਪਿਤਾ ਸ. ਸੁਰਿੰਦਰਜੀਤ ਸਿੰਘ ਅਤੇ ਮਾਤਾ ਕੰਵਲਜੀਤ ਕੌਰ ਦਾ ਇਹ ਛੋਟਾ ਹੋਣਹਾਰ ਸਪੁੱਤਰ 2011 ਦੇ ਵਿਚ ਇਥੇ ਬਿਜ਼ਨਸ ਦੀ ਪੜ੍ਹਾਈ ਕਰਨ ਆਇਆ ਸੀ। ਪੁਲਿਸ ਦੇ ਵਿਚ ਭਰਤੀ ਹੋਣ ਦਾ ਸ਼ੋਕ ਇਸਨੇ ਪਾਲ ਰੱਖਿਆ ਸੀ। 2014 ਦੇ ਵਿਚ ਇਸਨੇ ਪੁਲਿਸ ਵਿਚ ਭਰਤੀ ਹੋਣ ਦੀ ਭਰਪੂਰ ਕੋਸ਼ਿਸ ਕੀਤੀ ਪਰ ਕੁਝ ਕ੍ਰੈਡਿਟ ਨੰਬਰਾਂ ਦੀ ਜਰੂਰਤ ਨੇ ਇਸਦੀ ਮੰਜਿਲ ਦਾ ਸਫਰ ਥੋੜ੍ਹਾ ਲੰਬਾ ਕੀਤਾ

ਪਰ ਇਸ ਨੌਜਵਾਨ ਨੇ ਆਪਣਾ ਸਫਰ ਜਾਰੀ ਰੱਖਦਿਆਂ ਅਪ੍ਰੈਲ 2017 ਦੇ ਵਿਚ ਆਪਣੀ ਅਰਜ਼ੀ ਦੁਬਾਰਾ ਖੁਲ੍ਹਵਾ ਕੇ ਰਾਇਲ ਨਿਊਜ਼ੀਲੈਂਡ ਪੁਲਿਸ ਕਾਲਜ  ਵਲਿੰਗਟਨ ਵਿਖੇ ਆਪਣੀ ਥਾਂ ਪੱਕੀ ਕਰ ਲਈ। ਬੀਤੇ ਦਿਨੀਂ ਪੁਲਿਸ ਦੀ ਪਾਸਿੰਗ ਪ੍ਰੇਡ ਹੋਈ ਜਿਸ ਦੇ ਵਿਚ ਇਸ ਪੰਜਾਬੀ ਨੌਜਵਾਨ ਨੇ ਸਫਲਤਾ ਹਾਸਿਲ ਕੀਤੀ ਅਤੇ ਪੁਲਿਸ ਅਫਸਰ ਕਹਾ ਕੇ ਆਪਣੇ ਪਰਿਵਾਰ ਅਤੇ ਮਾਪਿਆਂ ਦਾ ਮਾਣ ਵਧਾਇਆ। ਆਪਣੀ ਇਸ ਪ੍ਰਾਪਤੀ ਦੇ ਵਿਚ ਇਸ ਨੌਜਵਾਨ ਦਾ ਸਾਥ ਉਸਦੀ ਜੀਵਣ ਸਾਥਣ ਰਾਜਵਿੰਦਰ ਕੌਰ ਨੇ ਰੱਜ ਕੇ ਦਿੱਤਾ।

ਉਸਨੇ ਆਪਣੇ ਛੋਟੇ ਬੱਚੇ ਦੀ ਇਕੱਲਿਆਂ ਸੰਭਾਲ ਕਰਦਿਆਂ ਕਿਸੀ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਪਣੇ ਪਤੀ ਤੱਕ ਨਹੀਂ ਪਹੁੰਚਣ ਦਿੱਤੀ ਕਿਉਂਕਿ ਉਹ 4 ਮਹੀਨਿਆਂ ਦੀ ਟ੍ਰੇਨਿੰਗ ਵਾਸਤੇ ਵਲਿੰਗਟਨ ਗਿਆ ਹੋਇਆ ਸੀ। ਅਮਨਦੀਪ ਸਿੰਘ ਸੈਣੀ ਨੇ ਦੱਸਿਆ ਕਿ ਪੁਲਿਸ ਟ੍ਰੇਨਿੰਗ ਇਕ ਅਲੱਗ ਤਰ੍ਹਾਂ ਦੀ ਮੁਹਾਰਿਤ ਹਾਸਿਲ ਕਰਨ ਦਾ ਸਮਾਂ ਹੁੰਦਾ ਹੈ, ਜਿਸ ਦੇ ਵਿਚ ਕਈ ਤਰ੍ਹਾਂ ਦੀਆਂ ਲਿਖਤੀ ਅਤੇ ਸਰੀਰਕ ਪ੍ਰੀਖਿਆਵਾਂ ਦੇ ਵਿਚੋਂ ਗੁਜ਼ਰਨਾ ਹੁੰਦਾ ਹੈ। ਉਨ੍ਹਾਂ ਇਥੇ ਵਸਦੇ ਪੱਕੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਸੁਪਨਿਆਂ ਦੇ ਕਿਸੇ ਕੋਨੇ ਦੇ ਵਿਚ ਪੁਲਿਸ ਵਿਚ ਭਰਤੀ ਹੋਣ ਦਾ ਜਰਾ ਜਿੰਨਾ ਵੀ ਬੀਜ ਪਿਆ ਹੈ

ਤਾਂ ਉਸਨੂੰ ਪੁੰਗਰਨ ਵਾਸਤੇ ਸਮੇਂ ਅਤੇ ਵਾਤਾਵਰਣ ਦੀ ਭਾਲ ਵਿਚ ਰਹੋ ਇਕ ਦਿਨ ਤੁਹਾਡਾ ਇਹ ਸੁਪਨਾ ਪੁੰਗਰ ਕੇ ਰੁੱਖ ਬਣੇਗਾ ਅਤੇ ਛਾਂ ਦੇਣੀ ਸ਼ੁਰੂ ਕਰੇਗਾ। ਆਪਣੇ ਵੱਡੇ ਭਰਾ ਸ. ਜਗਦੀਪ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਮੇਰੇ ਲਈ ਬਹੁਤ ਕੁਝ ਕੀਤਾ ਜਿਸ ਕਰਕੇ ਮੈਂ ਬਾਹਰ ਆ ਸਕਿਆ ਅਤੇ ਇਕ ਚੰਗੇ ਜੀਵਨ ਦੀ ਸ਼ੁਰੂਆਤ ਕਰਨ ਲੱਗਾ ਹਾਂ। ਇਸ ਨੌਜਵਾਨ ਦੀ ਨੌਕਰੀ ਮੈਨੁਕਾਓ ਪੁਲਿਸ ਸਟੇਸ਼ਨ ਤੋਂ ਲਗਾਈ ਜਾਵੇਗੀ।