ਪਿੰਡ ਰੁਖਾਲਾ ਦੇ ਪ੍ਰਾਇਮਰੀ ਸਕੂਲ ਨੇ ਕਾਨਵੈਂਟ ਸਕੂਲਾਂ ਨੂੰ ਵੀ ਪਿੱਛੇ ਛੱਡਿਆ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਲਕਾ ਗਿੱਦੜਬਾਹਾ ਦੇ ਸਰਕਾਰੀ ਸਕੂਲਾਂ ਵਿਚ ਹੋ ਰਹੇ ਸੁਧਾਰ ਅਤੇ ਵਿਕਾਸ ਕਾਰਜ ਪੂਰੇ ਪੰਜਾਬ ਦਾ ਧਿਆਨ ਅਪਣੇ ਵੱਲ ਆਕਰਸ਼ਿਤ ਕਰ

Rukhala Convent School

ਗਿੱਦੜਬਾਹਾ : ਹਲਕਾ ਗਿੱਦੜਬਾਹਾ ਦੇ ਸਰਕਾਰੀ ਸਕੂਲਾਂ ਵਿਚ ਹੋ ਰਹੇ ਸੁਧਾਰ ਅਤੇ ਵਿਕਾਸ ਕਾਰਜ ਪੂਰੇ ਪੰਜਾਬ ਦਾ ਧਿਆਨ ਅਪਣੇ ਵੱਲ ਆਕਰਸ਼ਿਤ ਕਰ ਰਹੇ ਹਨ। ਜਿਸ ਦੇ ਚਲਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪਿੰਡ ਰੁਖਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਤਸਵੀਰਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰੀ ਪੇਜ਼ 'ਤੇ ਸਾਂਝਾ ਕੀਤਾ। ਆਓ ਤੁਹਾਨੂੰ ਇਸ ਸਰਕਾਰੀ ਪ੍ਰਾਇਮਰੀ ਸਕੂਲ 'ਤੇ ਝਾਤ ਮਰਵਾਉਂਦੇ ਹਾਂ ਜੋ ਸਹੂਲਤਾਂ ਅਤੇ ਸੁੰਦਰਤਾ ਦੇ ਪੱਖੋਂ ਕਾਨਵੈਂਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ।

ਸਕੂਲ ਦੀ ਮੁੱਖ ਅਧਿਆਪਕਾ ਕੰਵਲਜੀਤ ਕੌਰ ਨੇ ਦੱਸਿਆ ਕਿ ਇਸ ਸਕੂਲ ਨੂੰ ਸਮਾਰਟ ਬਣਾਉਣ ਦਾ ਸਿਹਰਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪੰਚਾਇਤ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਸ ਕੰਮ ਵਿਚ ਪੂਰਾ ਸਹਿਯੋਗ ਦਿੱਤਾ। ਇਸ ਸਬੰਧੀ ਜਦੋਂ ਸਕੂਲ ਦੇ ਹੋਰ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਸਕੂਲ ਦੀ ਹਾਲਤ ਕਾਫ਼ੀ ਖ਼ਰਾਬ ਸੀ ਪਰ ਜਦੋਂ ਤੋਂ ਸਕੂਲ ਵਿਚ ਨਵੇਂ ਮੁੱਖ ਅਧਿਆਪਕਾ ਆਏ ਤਾਂ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਸਕੂਲ ਦੀ ਦਸ਼ਾ ਸੁਧਾਰਨ ਦਾ ਸੰਕਲਪ ਲਿਆ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।

ਇਸ ਮੌਕੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਆਏ ਕੁੱਝ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇੱਥੇ ਅਧਿਆਪਕਾਂ ਵੱਲੋਂ ਚੰਗੀ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ। ਸਕੂਲ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਸਕੂਲ ਨੂੰ ਸੁੰਦਰ ਬਣਾਉਣ ਲਈ 8 ਤੋਂ 9 ਲੱਖ ਰੁਪਏ ਦਾ ਖ਼ਰਚ ਆਇਆ ਅਤੇ  ਹਲਕਾ ਵਿਧਾਇਕ ਰਾਜਾ ਵੜਿੰਗ ਦੇ ਯਤਨਾਂ ਸਦਕਾ ਸਕੂਲ ਦੀ ਨੁਹਾਰ ਬਦਲ ਸਕੀ ਹੈ। ਜਿਨ੍ਹਾਂ ਨੇ ਗ੍ਰਾਂਟਾਂ ਦੇ ਖੁੱਲ੍ਹੇ ਗੱਫ਼ੇ ਦਿੱਤੇ ਹੁਣ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਕਰੀਬ 25-30 ਬੱਚੇ ਇਸ ਸਕੂਲ ਵਿਚ ਦਾਖ਼ਲਾ ਲੈ ਚੁੱਕੇ ਹਨ।

ਦੱਸ ਦਈਏ ਕਿ ਪੰਜਾਬ ਭਰ ਵਿਚ ਬਹੁਤ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਹੀ ਪ੍ਰਾਈਵੇਟ ਸਕੂਲਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਜਾਣ ਦੀ ਥਾਂ ਸਰਕਾਰੀ ਸਕੂਲਾਂ ਵਿਚ ਪੜ੍ਹਨਾ ਪਸੰਦ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ