ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਕਿ ਅਕਾਲੀ ਦਲ ਡਰਾਮਾ ਕਰ ਰਿਹਾ ਹੈ- ਹਰਪਾਲ ਚੀਮਾ
ਹਰਪਾਲ ਚੀਮਾ ਨੇ ਅਕਾਲੀ-ਭਾਜਪਾ ਗਠਜੋੜ ਤੋੜਨ ਨੂੰ ਦੱਸਿਆ ਡਰਾਮਾ
ਸੰਗਰੂਰ: ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਬਿਲਾਂ ਦਾ ਵਿਰੋਧ ਕਰਦਿਆਂ ਭਾਜਪਾ ਨਾਲੋਂ ਅਪਣਾ ਨਹੂੰ ਮਾਸ ਦਾ ਰਿਸ਼ਤਾ ਤੋੜ ਲਿਆ ਹੈ। ਅਕਾਲੀ-ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਪੰਜਾਬ ਸਿਆਸਤ ਕਾਫੀ ਗਰਮਾਉਂਦੀ ਹੋਈ ਦਿਖਾਈ ਦੇ ਰਹੀ ਹੈ।
ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਤੋੜੇ ਗਠਜੋੜ ਨੂੰ ਵਿਰੋਧੀ ਪਾਰਟੀਆਂ ਇਕ ਡਰਾਮਾ ਦੱਸ ਰਹੀਆਂ ਹਨ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਜਦੋਂ ਤੱਕ ਬਿਲ ਸਦਨ ਵਿਚ ਪਾਸ ਹੋਇਆ, ਉਦੋਂ ਤੱਕ ਅਕਾਲੀ ਦਲ ਦਾ ਸਮਰਥਨ ਭਾਜਪਾ ਨੂੰ ਸੀ।
ਉਹਨਾਂ ਕਿਹਾ ਹੁਣ ਗਠਜੋੜ ਤੋੜ ਕੇ ਕੋਈ ਫਾਇਦਾ ਨਹੀਂ ਕਿਉਂਕਿ ਜੇਕਰ ਸ੍ਰੋਮਣੀ ਅਕਾਲੀ ਦਲ ਸੱਚੀ ਹੀ ਕਿਸਾਨਾਂ ਦੀ ਹੱਕ ਵਿਚ ਹੁੰਦਾ ਤਾਂ ਉਸ ਨੂੰ ਅੱਜ ਤੋਂ 6 ਮਹੀਨੇ ਪਹਿਲਾਂ ਗਠਜੋੜ ਨੂੰ ਤੋੜ ਕੇ ਆਪਣਾ ਵਿਰੋਧ ਜ਼ਾਹਿਰ ਕਰਨਾ ਚਾਹੀਦਾ ਸੀ।
ਇਸ ਦੌਰਾਨ ਹਰਪਾਲ ਚੀਮਾ ਨੇ ਦੱਸਿਆ ਕਿ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸਤ ਕਰ ਰਿਹਾ ਹੈ ਪਰ ਹੁਣ ਲੋਕਾਂ ਨੂੰ ਸਚਾਈ ਪਤਾ ਹੈ ਤੇ ਉਹ ਇਹਨਾਂ ਨੂੰ ਘਰਾਂ ‘ਚ ਨਹੀਂ ਵੜ੍ਹਨ ਦੇਣਗੇ। ਚੀਮਾ ਨੇ ਕਿਹਾ ਕਿ ਹੁਣ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਅਕਾਲੀ ਦਲ ਡਰਾਮਾ ਕਰ ਰਿਹਾ ਹੈ।
ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਪੰਜਾਬ ਦੇ ਖ਼ਿਲਾਫ ਹੈ ਤੇ ਲੋਕ ਉਹਨਾਂ ਦਾ ਬਾਈਕਾਟ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਕਿਸਾਨਾਂ ਦੇ ਹੱਕ ‘ਚ ਖੜ੍ਹਨ ਦਾ ਦਾਅਵਾ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਵਿਚ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।