ਖੇਤੀ ਬਿਲ: ਹਜ਼ਾਰਾਂ ਨੌਜਵਾਨਾਂ ਨੇ ਸੋਹਾਣਾ ਚੌਕ ਤੋਂ ਚੰਡੀਗੜ੍ਹ ਬੈਰੀਅਰ ਤੱਕ ਕੱਢਿਆ ਰੋਸ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਏਕਤਾ ਦੇ ਬੈਨਰ ਹੇਠ ਕੱਢਿਆ ਗਿਆ ਰੋਸ ਮਾਰਚ

Protest

ਮੋਹਾਲੀ: ਕਿਸਾਨ ਵਿਰੋਧੀ ਖੇਤੀ ਬਿਲਾਂ ਖ਼ਿਲਾਫ਼ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਨੇ ਪਿੰਡ ਸੋਹਾਣਾ ਚੌਕ ਤੋਂ ਚੰਡੀਗੜ੍ਹ ਬੈਰੀਅਰ ਤੱਕ ਰੋਸ ਮਾਰਚ ਕੱਢਿਆ। ਕਿਸਾਨ ਏਕਤਾ ਦੇ ਬੈਨਰ ਹੇਠ ਕੱਢੇ ਜਾ ਰਹੇ ਇਸ ਰੋਸ ਮਾਰਚ ਵਿਚ ਸੈਂਕੜੇ ਟਰੈਕਟਰ, ਕਾਰਾਂ ਤੇ ਮੋਟਰ ਸਾਈਕਲ ਸ਼ਾਮਿਲ ਹੋਏ।

ਰੋਸ ਮਾਰਚ ਦੌਰਾਨ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਕਲਾਕਾਰਾਂ ਨੇ ਹਿੱਸਾ ਲਿਆ। ਉਹਨਾਂ ਦੱਸਿਆ ਕਿ ਉਹ ਖੇਤੀ ਬਿਲਾਂ ਖਿਲਾਫ਼ ਰੋਸ ਮਾਰਚ ਕੱਢ ਕੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਜਾ ਰਹੇ ਹਨ। ਇਸ ਮੌਕੇ ਗਾਇਕਾ ਰੁਪਿੰਦਰ ਹਾਂਡਾ ਅਤੇ ਭਾਨਾ ਸਿੱਧੂ ਸਮੇਤ ਕੁਝ ਹੋਰ ਕਲਾਕਾਰ ਵੀ ਸ਼ਾਮਲ ਸਨ। 

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਬਿਲਾਂ ਖਿਲਾਫ਼ ਪੰਜਾਬ ਵਿਚ ਰੋਸ ਵਧਦਾ ਜਾ ਰਿਹਾ ਹੈ। ਪੰਜਾਬ ਦੇ ਕੋਨੇ-ਕੋਨੇ ਵਿਚ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਬਿਲ ਰੱਦ ਨਹੀਂ ਕੀਤੇ ਜਾਂਦੇ ਤਾਂ ਇਹ ਸੰਘਰਸ਼ ਹੋਰ ਅੱਗੇ ਤੱਕ ਜਾਵੇਗਾ।