ਬਾਗ਼ੀ ਆਗੂ ਚਲਾਉਣਗੇ ਅਕਾਲੀ ਦਲ ਬਚਾਉ ਲਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲਾਂ ਦੇ ਚੁੰਗਲ 'ਚੋਂ ਅਕਾਲੀ ਦਲ ਨੂੰ ਬਾਹਰ ਕੱਢਣ ਦੀ ਅਪੀਲ..........

Rattan Singh Ajnala

ਚੰਡੀਗੜ੍ਹ : ਬਾਗ਼ੀ ਟਕਸਾਲੀ ਆਗੂਆਂ ਨੇ ਵੱਡੇ ਧਮਾਕੇ ਨਾਲ ਚੁੱਪ ਤੋੜੀ ਹੈ। ਬਾਗ਼ੀ ਟਕਸਾਲੀ ਅਕਾਲੀ ਆਗੂ ਅਕਾਲੀ ਦਲ ਨੂੰ ਬਾਦਲ ਪਿਉ-ਪੁੱਤਰ ਦੇ ਚੁੰਗਲ ਵਿਚੋਂ ਬਾਹਰ ਕੱਢਣ ਲਈ ਇਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ ਜਿਸ ਨੂੰ 'ਅਕਾਲੀ ਦਲ ਬਚਾਉ ਲਹਿਰ' ਦਾ ਨਾਮ ਦਿਤਾ ਗਿਆ ਹੈ। ਬਹਿਬਲ ਕਲਾਂ ਗੋਲੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਬਾਦਲਾਂ ਦਾ ਨਾਂ ਆਉਣ ਤੋਂ ਬਾਅਦ ਕਈ ਟਕਸਾਲੀ ਆਗੂਆਂ ਨੇ ਇਕ-ਇਕ ਕਰ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁਧ ਬਗ਼ਾਵਤ ਸ਼ੁਰੂ ਕਰ ਦਿਤੀ ਸੀ।

ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਭ ਤੋਂ ਪਹਿਲਾਂ ਦਲ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ ਸੀ। ਬਾਗ਼ੀ ਟਕਸਾਲੀ ਆਗੂ ਡਾਕਟਰ ਰਤਨ ਸਿੰਘ ਅਜਨਾਲਾ ਨੇ ਅੱਜ ਜਾਰੀ ਕੀਤੇ ਇਕ ਗਰਮਾ ਗਰਮ ਬਿਆਨ ਵਿਚ ਅਕਾਲੀ ਦਲ ਬਚਾਉ ਲਹਿਰ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਹੈ। ਇਸ ਤਹਿਤ ਪਹਿਲੇ ਪੜਾਅ ਦੌਰਾਨ ਪੰਜਾਬ ਦੇ ਟਕਸਾਲੀ ਆਗੂਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਅਕਾਲੀ ਦਲ ਨੂੰ ਬਾਦਲਾਂ ਦੇ ਚੁੰਗਲ ਵਿਚੋਂ ਕੱਢਣ ਲਈ ਪ੍ਰੇਰਿਆ ਜਾਵੇਗਾ।

ਅਜਨਾਲਾ ਨੇ ਵੱਡੇ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਉਹ ਪੁੱਤਰ ਮੋਹ ਵਿਚ ਫਸ ਕੇ ਟਕਸਾਲੀ ਆਗੂਆਂ ਨੂੰ ਵਿਸਾਰ ਚੁੱਕੇ ਹਨ। ਇਸੇ ਮੋਹ ਤਹਿਤ ਉਨ੍ਹਾਂ ਨੇ ਟਕਸਾਲੀ ਆਗੂਆਂ ਨੂੰ ਅੱਖੋਂ ਪਰੋਖੇ ਕਰ ਕੇ ਅਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿਚ ਮੰਤਰੀ ਬਣਾ ਦਿਤਾ ਸੀ। ਉਨ੍ਹਾਂ ਨੇ ਕਿਹਾ ਕਿ ਨਵੇਂ ਅਕਾਲੀ ਦਲ ਦਲ ਦੀ ਸਿਰਜਣਾ ਹੋ ਰਹੀ ਹੈ ਜਿਸ ਵਿਚ ਵਰਕਰ ਰਾਜ ਕਰਨਗੇ ਨਾ ਕਿ ਇਕ ਪਰਵਾਰ ਦਾ ਕਬਜ਼ਾ ਹੋਵੇਗਾ। ਅਕਾਲੀ ਦਲ ਦੇ ਅਗਲੇ ਪ੍ਰਧਾਨ ਦਾ ਫ਼ੈਸਲਾ ਵੀ ਵਰਕਰ ਕਰਨਗੇ। ਉਨ੍ਹਾਂ ਨੇ ਟਕਸਾਲੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲ ਦਲ ਦੀ ਗੁਲਾਮੀ ਦੇ ਸੰਗਲ ਲਾਹ ਕੇ ਪੰਥ ਦੀ ਸੇਵਾ ਲਈ ਮੈਦਾਨ ਵਿਚ ਨਿਤਰਣ।