ਪੰਜਾਬ ਨੂੰ ਸਬਕ ਸਿਖਾਉਣ ਲਈ ਕਿਤੇ ਦਿੱਲੀ ਮੱਕੀ ਦੀ ਰੋਟੀ ਅਤੇ ਸਾਗ 'ਤੇ ਪਾਬੰਦੀ ਨਾ ਲਾ ਦੇਵੇ-ਜਾਖੜ
ਮਾਲ ਗੱਡੀਆਂ ਦੀ ਆਵਾਜਾਈ ਰੋਕਣ ਨੂੰ ਲੈ ਕੇ ਸੁਨਿਲ ਜਾਖੜ ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ
ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਰੋਸ ਦੇ ਚਲਦਿਆਂ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਕੇਂਦਰ ਸਰਕਾਰ ਦੇ ਸਖਤ ਰਵੱਈਏ ਉੱਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਰੋਕਣ ਨੂੰ ਲੈ ਕੇ ਵੀ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ।
ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਵੱਲੋਂ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਅਤੇ ਪੰਜਾਬੀਆਂ ਨੂੰ ਸਬਕ ਸਿਖਾਉਣ ਲਈ ਹੁਣ ਕਿਤੇ ਦਿੱਲੀ ਦੇ ਸਲਾਹਕਾਰ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ 'ਤੇ ਪਾਬੰਦੀ ਨਾ ਲਾ ਦੇਣ।
ਉਹਨਾਂ ਨੇ ਲਿਖਿਆ, 'ਜਿਸ ਤਰਾਂ ਭਾਰਤ ਸਰਕਾਰ ਨੇ ਪਹਿਲਾਂ ਪੰਜਾਬ ਲਈ ਜੀਐਸਟੀ ਦੀ ਹਿੱਸੇਦਾਰੀ ਰੋਕੀ, ਫਿਰ ਹੁਣ ਪੰਜਾਬ ਲਈ ਮਾਲ ਗੱਡੀਆਂ ਰੋਕ ਦਿੱਤੀਆਂ ਗਈਆਂ ਹਨ, ਇਸ ਨੂੰ ਵੇਖ ਕੇ ਆਮ ਤੌਰ 'ਤੇ ਕੌਮਾਂਤਰੀ ਪੱਧਰ 'ਤੇ ਵਰਤੇ ਜਾਂਦੇ ਕੁਝ ਸ਼ਬਦ ਯਾਦ ਆ ਰਹੇ ਹਨ। ਹਾਲਾਂਕਿ ਇਹ ਨਿਸ਼ਚਤ ਰੂਪ ਵਿਚ ਕਿਸੇ ਦੇਸ਼ ਦੇ ਸੰਘੀ ਢਾਂਚੇ ਵਿਚ ਨਹੀਂ ਵਰਤੇ ਜਾਂਦੇ-
1. ਆਰਥਿਕ ਪਾਬੰਦੀਆਂ
2. ਨਾਕਾਬੰਦੀ
ਤੇ ਹੁਣ ਅੱਗੇ ਇਨ੍ਹਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ?
ਉਹਨਾਂ ਨੇ ਅੱਗੇ ਕਿਹਾ, 'ਪੰਜਾਬ ਵੱਲੋਂ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਤੇ ਪੰਜਾਬ ਨੂੰ ਸਬਕ ਸਿਖਾਉਣ ਲਈ ਹੁਣ ਕਿਤੇ ਦਿੱਲੀ ਦੇ ਸਲਾਹਕਾਰ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ 'ਤੇ ਪਾਬੰਦੀ ਨਾ ਲਗਾ ਦੇਣ।' ਜਾਖੜ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਿੰਦੁਸਤਾਨ ਵਰਗੇ ਵੱਡੇ ਮੁਲਕ ਨੂੰ ਖੁੱਲ੍ਹੇ ਦਿਲ ਅਤੇ ਵੱਡੇ ਜਿਗਰੇ ਨਾਲ ਚਲਾਇਆ ਜਾਣਾ ਚਾਹੀਦਾ ਹੈ।