3 ਦਸੰਬਰ ਨੂੰ ਦਿੱਤੇ ਜਾਣਗੇ ਰਾਜ ਪੱਧਰੀ ਦਿਵਿਆਂਗ ਐਵਾਰਡ- ਅਰੁਣਾ ਚੌਧਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ 3 ਦਸੰਬਰ ਨੂੰ ਵਿਸ਼ਵ ਦਿਵਿਆਂਗ ਦਿਵਸ...

ਅਰੁਣਾ ਚੌਧਰੀ

ਚੰਡੀਗੜ੍ਹ (ਸ.ਸ.ਸ) : ਪੰਜਾਬ ਦੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ 3 ਦਸੰਬਰ ਨੂੰ ਵਿਸ਼ਵ ਦਿਵਿਆਂਗ ਦਿਵਸ ਮੌਕੇ ਸਾਲ 2018-19 ਦੇ ਰਾਜ ਪੱਧਰੀ ਦਿਵਿਆਂਗ ਐਵਾਰਡ ਅੰਮ੍ਰਿਤਸਰ ਵਿਖੇ ਪ੍ਰਦਾਨ ਕੀਤੇ ਜਾਣਗੇ। ਇਸ ਸਾਲ ਰਾਜ ਪੱਧਰੀ ਸਮਾਗਮ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿਚ ਮਨਾਇਆ ਜਾ ਰਿਹਾ ਹੈ।

ਇੱਥੇ ਆਪਣੇ ਦਫਤਰ ਵਿਚ ਐਵਾਰਡਾਂ ਸਬੰਧੀ ਚੋਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਰੁਣਾ ਚੌਧਰੀ ਨੇ ਦੱਸਿਆ ਕਿ ਹਰ ਸਾਲ ਉਨ੍ਹਾਂ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਨੂੰ ਇਹ ਐਵਾਰਡ ਦਿੱਤੇ ਜਾਂਦੇ ਹਨ ਜਿਨ੍ਹਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿਚ ਜਾਂ ਖੁਦ ਦਿਵਿਆਂਗ ਹੁੰਦਿਆਂ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਗਈਆਂ ਹੋਣ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਰਗਾਂ ਵਿਚੋਂ ਚੁਣੇ ਗਏ ਜੇਤੂਆਂ ਨੂੰ ਨਗਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸਾਲ 2018-19 ਲਈ ਰਾਜ ਪੱਧਰੀ ਐਵਾਰਡ ਦੇਣ ਲਈ ਯੋਗ ਬਿਨੈਕਾਰਾਂ ਤੋਂ ਪ੍ਰਾਪਤ ਹੋਈਆਂ ਅਰਜੀਆਂ, ਜੋ ਕਿ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਬਣਾਈ ਕਮੇਟੀ ਨੇ ਸਿਫਾਰਸ਼ ਕਰਕੇ ਭੇਜੀਆਂ ਹਨ, ਦੀ ਚੋਣ/ਸਮੀਖਿਆ ਅੱਜ ਰਾਜ ਪੱਧਰੀ ਚੋਣ ਕਮੇਟੀ ਵੱਲੋਂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਰਗਾਂ ਵਿਚ 24 ਅਰਜੀਆਂ ਪ੍ਰਾਪਤ ਹੋਈਆਂ ਹਨ ਅਤੇ ਜੇਤੂਆਂ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸ੍ਰੀ ਰਾਜੀ ਪੀ ਸ੍ਰੀਵਾਸਤਵਾ, ਡਿਪਟੀ ਡਾਇਰੈਕਟਰ ਸ੍ਰੀ ਹਰਪਾਲ ਸਿੰਘ, ਡਿਪਟੀ ਡਾਇਰੈਕਟਰ (ਰੋਜ਼ਗਾਰ ਜੈਨਰੇਸ਼ਨ) ਸ੍ਰੀ ਹਰਜੀਤ ਕੌਰ, ਸਵੈ-ਸੇਵੀ ਸੰਸਥਾ ਦੇ ਨੁਮਾਇੰਦੇ ਕਸ਼ਮੀਰਾ ਸਿੰਘ ਤੇ ਪ੍ਰਿੰਸੀਪਲ ਸੰਜੀਵਾ ਕੁਮਾਰੀ ਵੀ ਹਾਜ਼ਰ ਸਨ।