ਗੁਰਜੋਤ ਸਿੰਘ ਦੀ ਰਾਜਸਥਾਨ 'ਚ ਬਤੌਰ ਜੱਜ ਹੋਈ ਚੋਣ
ਇਸ ਮੌਕੇ ਗੁਰਜੋਤ ਸਿੰਘ ਨੇ ਦਸਿਆ ਕਿ ਸਾਲ 2010 ਵਿਚ ਮੋਗਾ ਵਿਚ 12ਵੀਂ ਜਮਾਤ ਪਾਸ ਕਰਨ ਉਪਰੰਤ ਐਸ.ਡੀ. ਕਾਲਜ਼ ਚੰਡੀਗੜ੍ਹ ਵਿਚ ਬੀ.ਕੌਮ ਕਰ ...
ਮੋਗਾ (ਅਮਜਦ ਖ਼ਾਨ) : ਸਥਾਨਕ ਵਾਰਡ ਨੰਬਰ : 10 ਸਿਵਲ ਲਾਈਨ ਮੋਗਾ ਦਾ ਰਹਿਣ ਵਾਲਾ ਨੌਜਵਾਨ ਗੁਰਜੋਤ ਸਿੰਘ ਰਾਜਸਥਾਨ ਵਿਚ ਜੱਜ ਵਜੋ ਚੁਣ ਲਿਆ ਗਿਆ ਹੈ ਜੋ ਹੁਣ ਬਤੌਰ ਜੱਜ ਦੀ ਕੁਰਸੀ 'ਤੇ ਬੈਠ ਕੇ ਲੋਕਾਂ ਨਾਲ ਇੰਨਸਾਫ਼ ਕਰੇਗਾ। ਇਸ ਖ਼ਬਰ ਦਾ ਪਤਾ ਲੱਗਦਿਆ ਹੀ ਘਰ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਅਤੇ ਇਲਾਕੇ ਭਰ ਦੇ ਲੋਕਾਂ ਵਲੋਂ ਗੁਰਜੋਤ ਦੇ ਪਰਵਾਰ ਨੂੰ ਵਧਾਈ ਦੇਣ ਵਾਲਿਆ ਮਜ਼ਮਾ ਲੱਗ ਗਿਆ ਅਤੇ ਪਰਵਾਰ ਵਲੋਂ ਸਭ ਦਾ ਮੂੰਹ ਮਿੱਠਾ ਕਰਵਾ ਕੇ ਅਪਣੀ ਖ਼ੁਸ਼ੀ ਸਾਂਝੀ ਕੀਤੀ।
ਇਸ ਮੌਕੇ ਗੁਰਜੋਤ ਸਿੰਘ ਨੇ ਦਸਿਆ ਕਿ ਸਾਲ 2010 ਵਿਚ ਮੋਗਾ ਵਿਚ 12ਵੀਂ ਜਮਾਤ ਪਾਸ ਕਰਨ ਉਪਰੰਤ ਐਸ.ਡੀ. ਕਾਲਜ਼ ਚੰਡੀਗੜ੍ਹ ਵਿਚ ਬੀ.ਕੌਮ ਕਰ ਪੰਜਾਬ ਯੂਨੀਵਰਸਟੀ ਵਿਚ ਵਕਾਲਤ ਦੀ ਪੜ੍ਹਾਈ ਕੀਤੀ ਅਤੇ ਐਲ.ਐਲ.ਐਮ. ਕੁਰਕਸ਼ੇਤਰ ਯੂਨੀਵਰਸਟੀ ਵਿਚ ਅਤੇ ਜ਼ਿਲ੍ਹਾ ਕੋਰਟ ਮੋਗਾ ਵਿਚ ਤਿਆਰੀ ਕੀਤੀ। ਗੁਰਜੋਤ ਸਿੰਘ ਨੇ ਦਸਿਆ ਕਿ ਸਾਲ 2018 ਵਿਚ ਰਾਜਸਥਾਨ 'ਚ ਪਹਿਲੀ ਵਾਰ ਟੈਸਟ ਦਿਤਾ ਸੀ ਜਿਸ 'ਚ ਉਸ ਦਾ 13ਵਾਂ ਰੈਂਕ ਆਇਆ ਅਤੇ ਉਸ ਦੀ ਮਿਹਨਤ ਨੂੰ ਬੂਰ ਪਿਆ।
ਗੁਰਜੋਤ ਸਿੰਘ ਦੇ ਕਰੀਬੀ ਮਿੱਤਰ ਸ਼ੁਭਮ ਜੈਸਵਾਲ ਨੇ ਦਸਿਆ ਕਿ ਰਾਜਸਥਾਨ ਵਿਚ ਜੱਜ ਬਣਨ ਲਈ ਪੇਪਰ ਦਿਤੇ ਜਿਸ ਵਿਚੋਂ 42117 ਵਿਅਕਤੀਆਂ ਚੋਂ 27776 ਵਿਅਕਤੀ ਪਾਸ ਹੋਏ ਅਤੇ ਦੂਜੇ ਦੌਰ 'ਚ 3675 ਜਿਸ ਚੋਂ 499 ਨੌਜਵਾਨ ਇੰਟਰਵੀਯੂ ਲਈ ਚੁਣੇ ਗਏ। ਜਿਸ ਵਿਚ 197 ਪੋਸਟਾਂ ਲਈ ਆਖ਼ਰੀ ਪੜਾਅ ਵਿਚ ਗੁਰਜੋਤ ਸਿੰਘ ਨੇ 13ਵਾਂ ਰੈਂਕ ਹਾਸਲ ਕਰਨਾ ਕੇਵਲ ਮੋਗਾ ਦਾ ਬਲਕਿ ਪੰਜਾਬ ਦਾ ਨਾਮ ਰੌਸ਼ਨ ਕੀਤਾ।
ਉਨ੍ਹਾਂ ਦਸਿਆ ਕਿ ਅਗਲੇ ਸਾਲ ਮਾਰਚ ਦੇ ਮਹੀਨੇ ਵਿਚ ਗੁਰਜੋਤ ਸਿੰਘ ਬਤੌਰ ਜੱਜ ਰਾਜਸਥਾਨ ਵਿਚ ਲੋਕਾਂ ਨਾਲ ਇੰਨਸਾਫ਼ ਕਰਨ ਦੀ ਜ਼ੁੰਮੇਵਾਰੀ ਨਿਭਾਵੇਗਾ ਅਤੇ ਵੱਡੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਗੁਰਜੋਤ ਸਿੰਘ ਦੀ ਮੰਗੇਤਰ ਨੇ ਵੀ ਇਸੇ ਪੋਸਟ ਵਿਚ ਰਾਜਸਤਾਨ ਵਿਚ 47ਵਾਂ ਰੈਂਕ ਹਾਸਲ ਕੀਤਾ ਹੈ।
ਪਿੰਡ ਦੀ ਮਿਹਨਤੀ ਕੁੜੀ ਪਰਨੀਤ ਕੌਰ ਬਣੀ ਜੱਜ
ਧੂਰੀ (ਵਿਕਾਸ ਵਰਮਾ): ਦੇਸ਼ ਭਗਤ ਕਾਲਜ ਬਰੜਵਾਲ, ਪੰਜਾਬੀ ਵਿਭਾਗ ਦੇ ਮੁਖੀ ਵਾਇਸ ਪ੍ਰਿੰਸੀਪਲ ਪ੍ਰੋ. ਹਜ਼ੂਰਾ ਸਿੰਘ ਵੜੈਚ ਦੀ ਭਤੀਜੀ ਡਾ. ਪਰਨੀਤ ਕੌਰ ਜੱਜ ਬਣ ਗਈ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦਸਿਆਂ ਕਿ ਪਰਨੀਤ ਕੌਰ ਨੇ ਰਾਜਸਥਾਨ ਦੀ ਨਿਆਇਕ ਸੇਵਾ ਪ੍ਰੀਖਿਆ ਪਾਸ ਕਰਕੇ ਜੱਜ ਬਣਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਪਰਨੀਤ ਉਨ੍ਹਾਂ ਦੇ ਵੱਡੇ ਭਰਾ ਸ. ਭਰਪੂਰ ਸਿੰਘ ਅਤੇ ਹਰਵਿੰਦਰ ਕੌਰ ਦੀ ਧੀ ਹੈ।
ਇਸ ਨੇ ਮੁਢਲੀ ਵਿਦਿਆ ਬੁੱਢਾ ਦਲ ਪਬਲਿਕ ਸਕੂਲ ਤੋਂ ਹਾਸਲ ਕੀਤੀ। ਇਸ ਤੋਂ ਪਿਛੋਂ ਬੀ.ਡੀ ਐਸ. ਦੀ ਪੜ੍ਹਾਈ ਪਹਿਲੇ ਦਰਜੇ ਉਪਰ ਰਹਿ ਕੇ ਪ੍ਰਾਪਤ ਕੀਤੀ ਤੇ ਉਸ ਨੇ ਐਲ.ਐਲ.ਬੀ ਦੀ ਪੜ੍ਹਾਈ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਪਹਿਲੇ ਸਥਾਨ ਉਪਰ ਰਹਿ ਕੇ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਇਕ ਪਿੰਡ ਦੀ ਕੁੜੀ ਦਾ ਜੱਜ ਬਣਨ ਬੜੇ ਮਾਣ ਵਾਲੀ ਗੱਲ ਹੇ, ਜਿਸ ਦੇ ਨਾਲ ਹੋਰ ਲੜਕੀਆਂ ਨੂੰ ਵੀ ਉਤਸ਼ਾਹ ਮਿਲਦਾ ਹੈ।
ਦੇਸ਼ ਭਗਤ ਕਾਲਜ ਟਰੱਸਟ ਦੇ ਚੇਅਰਮੈਨ, ਪਰਮਜੀਤ ਸਿੰਘ ਗਿੱਲ (ਰਿਟਾ. ਡੀ.ਆਈ.ਜੀ) ਬਲਵੰਤ ਸਿੰਘ ਮੀਮਸਾ ਟਰੱਸਟ ਸਕੱਤਰ , ਪ੍ਰਿੰਸੀਪਲ ਡਾ. ਸਵਿੰਦਰ ਸਿੰਘ ਛੀਨਾ ਜਤਿੰਦਰ ਸਿੰਘ ਮੰਡੇਰ, ਪ੍ਰਦੀਪ ਸਿੰਗਲਾ ਨੇ ਉਚੇਰੇ ਤੌਰ ਉਪਰ ਵਧਾਈਆਂ ਦਿਤੀਆਂ। ਉਨ੍ਹਾਂ ਦੇ ਨਾਲ ਪ੍ਰੋ. ਪਰਮਜੀਤ ਕੌਰ ਡਾਂ ਲਖਬੀਰ ਸਿੰਘ ਭਿੰਡਰ, ਡਾ. ਬੀਰਇੰਦਰ ਕੌਰ ਭਿੰਡਰ, ਡਾ. ਬਲਵੀਰ ਸਿੰਘ ਪ੍ਰੋ ਗੁਰਜੀਤ ਸਿੰਘ ਮਾਨ ਪ੍ਰੋ: ਚਰਨਜੀਤ ਸਿੰਘ (ਬੇਦੀ), ਅਮਰਿੰਦਰ ਸਿੰਘ (ਐਸਡੀਓ) ਜਸਪਿੰਦਰ ਖੰਡੇਵਾਦ, ਬਲਦੇਵ ਸਿੰਘ ਖੰਡੇਵਾਦ, ਸਰਪੰਚ ਸਤਵੰਤ ਖੰਡੇਵਾਦ ਉਜਵਲ ਨੂਰ ਖੰਡੇਵਾਦ, ਜਗਮਨ ਖੰਡੇਵਾਦ ਅਤੇ ਸਮੁੱਚੇ ਦੇਸ਼ ਭਗਤ ਕਾਲਜ ਟਰੱਸਟ ਨੇ ਮੁਬਾਰਕਾਂ ਦਿਤੀਆਂ।