ਮਾਲ ਗੱਡੀਆਂ ਸ਼ੁਰੂ ਹੋਣ ਮਗਰੋਂ 4.5 ਲੱਖ ਮੀਟਰਕ ਟਨ ਅਨਾਜ ਬਾਹਰ ਭੇਜਿਆ, ਮਜ਼ਦੂਰ ਤੇ ਟਰੱਕ ਅਪਰੇਟਰ ਖੁਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਨਾਜ ਦੀ ਢੁਆਈ ਲਈ 172 ਰੇਲ ਗੱਡੀਆਂ ਦਾ ਪ੍ਰਬੰਧ ਕੀਤਾ 

Trains

ਚੰਡੀਗੜ੍ਹ : ਰੇਲ ਗੱਡੀਆਂ ਮੁੜ ਸ਼ੁਰੂ ਹੋਣ ਤੋਂ ਬਾਅਦ ਰਾਜ ਦੇ ਗੋਦਾਮਾਂ ਤੋਂ ਕੇਂਦਰੀ ਪੂਲ ਵਿਚ 4.5 ਲੱਖ ਮੀਟਰਕ ਟਨ ਤੋਂ ਵੱਧ ਅਨਾਜ ਭੇਜਣ ਨਾਲ ਨਾ ਸਿਰਫ ਮਜ਼ਦੂਰਾਂ ਦੇ ਮਾਯੂਸ ਚਿਹਰਿਆਂ ’ਤੇ ਮੁਸਕਰਾਹਟ ਆਈ ਹੈ, ਬਲਕਿ ਟਰੱਕ ਅਪਰੇਟਰਾਂ ਦੇ ਠੱਪ ਪਏ ਕਾਰੋਬਾਰ ਵੀ ਲੀਹ ’ਤੇ ਆ ਰਹੇ ਹਨ। ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਝੋਨੇ ਦੇ ਮੌਜੂਦਾ ਖ਼ਰੀਦ ਸੀਜ਼ਨ ਦੀ ਸ਼ੈਲਰਾਂ ਵਲੋਂ ਛੜਾਈ ਤੋਂ ਬਾਅਦ ਚੌਲਾਂ ਲਈ ਜਗ੍ਹਾ ਬਣਾਉਣ ਲਈ ਸਟੋਰ ਕੀਤੇ ਅਨਾਜ ਨੂੰ ਦੂਜੇ ਰਾਜਾਂ ਵਿਚ ਲਿਜਾਣਾ ਸਮੇਂ ਦੀ ਲੋੜ ਹੈ।

ਸ਼੍ਰੀਮਤੀ ਮਿੱਤਰਾ ਨੇ ਦਸਿਆ ਕਿ ਪਿਛਲੇ ਦਿਨੀਂ 127 ਰੈਕ ਲੋਡ ਕੀਤੇ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਅੱਜ ਸ਼ਾਮ ਤੱਕ 50 ਹੋਰ ਲੋਡ ਕਰ ਦਿਤੇ ਜਾਣਗੇ। ਅਨਾਜ ਭੇਜਣ ਲਈ ਉਪਲਬਧ ਕਰਵਾਈਆਂ ਗਈਆਂ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਵਿਚੋਂ 153 ਚਾਵਲ ਦੀਆਂ ਸਨ ਜਦੋਂਕਿ 39 ਕਣਕ ਦੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤਕ ਲਗਭਗ ਸਾਢੇ ਚਾਰ ਲੱਖ ਟਨ ਅਨਾਜ ਪੰਜਾਬ ਤੋਂ ਦੂਜੇ ਰਾਜਾਂ ਵਿਚ ਭੇਜਿਆ ਜਾ ਚੁੱਕਾ ਹੈ, ਜੋ ਕਿ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਹੋਈ ਖ਼ਰੀਦ ਲਈ ਸਟੋਰੇਜ ਦੀ ਜਗ੍ਹਾ ਬਣਾਉਣ ਵਿਚ ਸਹਾਇਤਾ ਕਰੇਗਾ।

ਇਸੇ ਤਰ੍ਹਾਂ ਪਟਿਆਲਾ ਦੇ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈਜ਼ ਕੰਟਰੋਲਰ ਹਰਸ਼ਰਨਜੀਤ ਸਿੰਘ ਬਰਾੜ ਨੇ ਦਸਿਆ ਕਿ ਮਾਲ ਗੱਡੀਆਂ ਦੀ ਸ਼ੁਰੂਆਤ ਨਾਲ 24 ਨਵੰਬਰ ਨੂੰ ਪਟਿਆਲਾ, ਰਾਜਪੁਰਾ ਅਤੇ ਨਾਭਾ ਤੋਂ 7860 ਮੀਟਰਕ ਟਨ ਚੌਲ ਤਿੰਨ ਰੈਕਾਂ ਵਿਚ ਭੇਜਿਆ ਗਿਆ ਹੈ।  ਹੁਣ ਤਕ ਪਟਿਆਲਾ ਤੋਂ ਤਕਰੀਬਨ 13,100 ਮੀਟਰਕ ਟਨ ਅਨਾਜ ਰੇਲਵੇ ਰਾਹੀਂ ਭੇਜਿਆ ਜਾ ਚੁੱਕਾ ਹੈ।