ਹੈਂਡ ਗ੍ਰਨੇਡ ਬਰਾਮਦ ਕਰਨ ਦੇ ਮਾਮਲੇ ‘ਚ ਰਣਜੀਤ ਸਿੰਘ ਨੂੰ ਅਦਾਲਤ ‘ਚ ਕੀਤਾ ਪੇਸ਼
ਅੰਮ੍ਰਿਤਸਰ ’ਚੋਂ ਹਥਿਆਰਾਂ ਅਤੇ ਹੈਂਡ ਗਰਨੇਡ ਸਮੇਤ ਗ੍ਰਿਫ਼ਤਾਰ ਕੀਤੇ ਗਏ ਰਣਜੀਤ ਸਿੰਘ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਅੰਮ੍ਰਿਤਸਰ: ਪਠਾਨਕੋਟ ਆਰਮੀ ਕੈਂਪ 'ਤੇ ਹੋਏ ਹਮਲੇ ਤੋਂ 60 ਘੰਟੇ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵਲੋਂ ਅੰਮ੍ਰਿਤਸਰ ’ਚੋਂ ਹਥਿਆਰਾਂ ਅਤੇ ਹੈਂਡ ਗਰਨੇਡ ਸਮੇਤ ਗ੍ਰਿਫ਼ਤਾਰ ਕੀਤੇ ਗਏ ਰਣਜੀਤ ਸਿੰਘ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਰਣਜੀਤ ਸਿੰਘ ਦਾ ਰਿਮਾਂਡ ਦੋ ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਇਸ ਮੌਕੇ ਖੂਫੀਆ ਏਜੰਸੀਆਂ ਨੇ ਦੱਸਿਆ ਕਿ ਪੰਜਾਬ ਵਿਚ 20 ਦੇ ਕਰੀਬ ਬੰਬ ਮੌਜੂਦ ਹਨ।
ਰਣਜੀਤ ਸਿੰਘ ਨੇ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਸਾਹਮਣੇ ਕਈ ਅਹਿਮ ਖੁਲਾਸੇ ਕੀਤੇ। ਉਸ ਨੇ ਦੱਸਿਆ ਕਿ ਹੈਂਡ ਗ੍ਰਨੇਡ ਚੁੱਕਣ ਦੇ ਆਰਡਰ ਉਸ ਨੂੰ ਇੰਗਲੈਂਡ ਤੋਂ ਆਏ ਸਨ ਪਰ ਇਹ ਹੈਂਡ ਗ੍ਰਨੇਡ ਕਿੱਥੇ ਇਸਤੇਮਾਲ ਕਰਨੇ ਸਨ, ਇਸ ਬਾਰੇ ਉਸ ਨੂੰ ਅਜੇ ਕੋਈ ਵੀ ਖ਼ਬਰ ਨਹੀਂ ਦਿੱਤੀ ਗਈ ਸੀ। ਉਸ ਨੇ ਦੱਸਿਆ ਕਿ ਉਹ ਤਾਂ ਹੈਂਡ ਗ੍ਰਨੇਡ ਚੁੱਕ ਕੇ ਸਿਰਫ ਆਪਣੇ ਪਿੰਡ ਲਿਜਾ ਰਿਹਾ ਸੀ, ਇਹਨਾਂ ਨੂੰ ਕਿੱਥੇ ਇਸਤੇਮਾਲ ਕਰਨਾ ਹੈ, ਇਸ ਬਾਰੇ ਉਸ ਨੂੰ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਸਟੇਟ ਸਪੈਸ਼ਲ ਸੈੱਲ ਓਪ੍ਰੇਸ਼ਨ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਰਣਜੀਤ ਸਿੰਘ ਨੂੰ ਵਿਦੇਸ਼ਾਂ ਤੋਂ ਆਏ ਫੋਨਾਂ ਦੀ ਰਿਕਾਰਡਿੰਗ ਵੀ ਖੰਗਾਲੀ ਜਾ ਰਹੀ ਹੈ। ਰਣਜੀਤ ਸਿੰਘ ਦੀ ਪੇਸ਼ੀ ਮੌਕੇ ਭਾਰੀ ਗਿਣਤੀ ਵਿਚ ਨਿਹੰਗ ਸਿੰਘ ਵੀ ਮੌਜੂਦ ਸਨ। ਦੱਸ ਦਈਏ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ 24 ਨਵੰਬਰ ਨੂੰ ਰਣਜੀਤ ਸਿੰਘ ਨੂੰ ਅੰਮ੍ਰਿਤਸਰ-ਤਰਨਤਾਰਨ ਰੋਡ ਤੋਂ ਗ੍ਰਿਫ਼ਤਾਰ ਕੀਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਵੀ ਉਸ ਗਰੁੱਪ ਦਾ ਹਿੱਸਾ ਸੀ, ਜਿਸ ਨੇ 15 ਜਨਵਰੀ, 2020 ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੀ ਵਿਰਾਸਤੀ ਸੜਕ 'ਤੇ ਲੋਕ ਨਾਚਾਂ ਸਬੰਧੀ ਸਥਾਪਿਤ ਬੁੱਤਾਂ ਦੀ ਭੰਨਤੋੜ ਕੀਤੀ ਸੀ। ਪੁਲਿਸ ਵੱਲੋਂ ਰਣਜੀਤ ਸਿੰਘ ਨੂੰ ਬੁੱਤਾਂ ਦੀ ਭੰਨ ਤੋੜ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਜ਼ਮਾਨਤ 'ਤੇ ਹੈ।