ਭਾਈਚਾਰਕ ਸਾਂਝ 'ਚ ਦਰਾੜ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸੂਬੇ ਵਿਚ ਭਾਈਚਾਰਕ ਸਾਂਝ ਵਿਚ ਤਰੇੜਾਂ...

Captain Fatehgarh Sahib Arrives

ਫ਼ਤਹਿਗੜ੍ਹ ਸਾਹਿਬ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸੂਬੇ ਵਿਚ ਭਾਈਚਾਰਕ ਸਾਂਝ ਵਿਚ ਤਰੇੜਾਂ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੋ ਵੀ ਸੂਬੇ ਵਿਚ ਧਰਮ ਨਿਰਪੱਖਤਾ ਦੇ ਮਾਹੌਲ ਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਕਰੇਗਾ, ਉਸ ਨਾਲ ਕਰੜੇ ਹੱਥੀਂ ਸਿੱਝਿਆ ਜਾਵੇਗਾ। ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਇਥੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਧਰਮ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ ਤੇ ਕਿਸੇ ਨੂੰ ਭਾਈਚਾਰਕ ਸਾਂਝ ਦਾ ਨੁਕਸਾਨ ਨਹੀਂ ਕਰਨ ਦਿਤਾ ਜਾਵੇਗਾ।

ਕਿ ਉਨ੍ਹਾਂ ਦੀ ਸਰਕਾਰ ਹੋਰਨਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਦੇ ਬੁੱਤਾਂ ਦੀ ਰਾਖੀ ਲਈ ਵਚਨਬੱਧ ਹੈ। ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਕਈ ਸੀਨੀਅਰ ਅਕਾਲੀ ਆਗੂਆਂ ਦੇ ਵੀ ਬੁੱਤ ਲੱਗੇ ਹੋਏ ਹਨ ਤੇ ਹਰ ਹਾਲ ਅਜਿਹੇ ਬੁੱਤਾਂ ਦੀ ਵੀ ਰਾਖੀ ਕੀਤੀ ਜਾਵੇਗੀ। 1984 ਦੇ ਦੰਗਿਆਂ ਨੂੰ ਆਧਾਰ ਬਣਾ ਕੇ ਸਿਆਸੀ ਲਾਹਾ ਲੈਣ ਲਈ ਅਕਾਲੀ ਦਲ ਵੱਲੋਂ ਧਰਮ ਦੇ ਨਾਂ 'ਤੇ ਪਾੜਾ ਪਾਉਣ ਦੀਆਂ ਅਫ਼ਸਲ ਕੋਸ਼ਿਸ਼ਾਂ ਅਤੇ ਇਨ੍ਹਾਂ ਦੰਗਿਆਂ ਨਾਲ ਗਾਂਧੀ ਪਰਿਵਾਰ ਦਾ ਨਾਂ ਜੋੜੇ ਜਾਣ ਬਾਰੇ ਮੁੱਖ ਮੰਤਰੀ ਨੇ ਆਖਿਆ ਕਿ ਜਦੋਂ ਹਿੰਸਕ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ, ਉਦੋਂ ਤਾਂ ਰਾਜੀਵ ਗਾਂਧੀ ਉਥੇ ਮੌਜੂਦ ਹੀ ਨਹੀਂ ਸਨ।

ਗੁਰਦਾਸਪੁਰ ਵਿਖੇ 03 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਤਜਵੀਜ਼ਤ ਸਿਆਸੀ ਰੈਲੀ ਸਬੰਧੀ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਆਖਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਰਿੰਦਰ ਮੋਦੀ ਅਜਿਹੀਆਂ ਰੈਲੀਆਂ ਕਰ ਰਹੇ ਹਨ ਪਰ ਕਾਂਗਰਸ ਲੀਡਰਸ਼ਿਪ ਇਕ ਵਾਰ ਫਿਰ ਅਕਾਲੀ-ਭਾਜਪਾ ਗੱਠਜੋੜ ਦੇ ਮੁਕੰਮਲ ਸਫਾਏ ਲਈ ਪੂਰੀ ਤਰ੍ਹਾਂ ਤਿਆਰ ਹੈ। ਇਤਿਹਾਸਕ ਨਗਰੀ ਫ਼ਤਹਿਗੜ੍ਹ ਸਾਹਿਬ ਦੇ ਸਰਬਪੱਖੀ ਵਿਕਾਸ ਦੇ ਮਸਲੇ 'ਤੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਛੇਤੀ ਹੀ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ 'ਤੇ ਚੌਕ ਬਣਾਉਣ ਦਾ ਐਲਾਨ ਵੀ ਕੀਤਾ।

ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਵਿਕਾਸ ਸਬੰਧੀ ਜੋ ਵੀ ਲੋੜਾਂ ਹਨ, ਉਹ ਸਬੰਧਤ ਵਿਧਾਇਕਾਂ ਵਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ ਜਾਣ ਤਾਂ ਜੋ ਛੇਤੀ ਤੋਂ ਛੇਤੀ ਉਨ੍ਹਾਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆਂ ਅਤੇ ਬਾਅਦ ਵਿਚ ਪੰਗਤ ਵਿਚ ਬੈਠ ਕੇ ਲੰਗਰ ਵੀ ਛਕਿਆ। ਉਨ੍ਹਾਂ ਇਸ ਮੌਕੇ ਸਿਆਸੀ ਕਾਨਫ਼ਰੰਸਾਂ ਨਾ ਕੀਤੇ ਜਾਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸ਼ਹੀਦੀ ਜੋੜ ਮੇਲ ਦੌਰਾਨ ਸਿਆਸੀ ਰੈਲੀਆਂ ਸੋਭਦੀਆਂ ਨਹੀਂ ਹਨ।

ਉਨ੍ਹਾਂ ਕਿਹਾ ਕਿ ਲੱਖਾਂ ਸ਼ਰਧਾਲੂ ਇੱਥੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਹੋਏ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ, ਜਿਨ੍ਹਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ, ਨੂੰ ਸਿਜਦਾ ਕਰਨ ਆਉਂਦੇ ਹਨ ਨਾ ਕਿ ਸਿਆਸੀ ਭਾਸ਼ਨ ਸੁਣਨ ਵਾਸਤੇ ਆਉਂਦੇ ਹਨ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਸਰਹਿੰਦ ਤੋਂ 05 ਕਿਲੋਮੀਟਰ ਉੱਤਰ ਵੱਲ ਸੁਸ਼ੋਭਿਤ ਉਹ ਸਥਾਨ ਹੈ, ਜਿੱਥੇ 26 ਦਸੰਬਰ 1705 ਨੂੰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਜ਼ਿੰਦਾ ਨੀਂਹਾਂ ਵਿਚ ਚਿਣ ਦਿਤਾ ਗਿਆ ਸੀ।

ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਪੁਰਾਤਨ ਸਮੇਂ ਤੋਂ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਹੁੰਦਾ ਆ ਰਿਹਾ ਹੈ। ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਲਾਹਕਾਰ ਮੁੱਖ ਮੰਤਰੀ ਪੰਜਾਬ ਭਰਤ ਇੰਦਰ ਸਿੰਘ ਚਾਹਲ, ਹਲਕਾ ਫ਼ਤਹਿਗੜ੍ਹ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਬਸੀ ਪਠਾਣਾ ਗੁਰਪ੍ਰੀਤ ਸਿੰਘ ਜੀ.ਪੀ., ਵਿਧਾਇਕ ਪਾਇਲ ਲਖਬੀਰ ਸਿੰਘ ਲੱਖਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ,

ਆਈ.ਜੀ. ਰੂਪਨਗਰ ਰੇਂਜ ਵੀ. ਨੀਰਜਾ, ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ, ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਬਲਵਿੰਦਰ ਮਾਵੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਅਤੇ ਜਸਪਾਲ ਸਿੰਘ ਜ਼ੀਰਕਪੁਰ ਹਾਜ਼ਰ ਸਨ।