ਹੱਡ ਚੀਰਵੀਂ ਠੰਢ ‘ਚ ਵੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਨਹੀਂ ਮਿਲ ਰਹੇ ਸਰਕਾਰੀ ਕੰਬਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਸਹੂਲਤਾਂ ਦੇਣ ਦੇ ਕਈ ਦਾਅਵੇ ਕੀਤੇ ਜਾਂਦੇ ਹਨ, ਪਰ ਹਕੀਕਤ ਇਸ ਤੋਂ ਵੱਖਰੀ ਹੈ।

Photo

ਅੰਮ੍ਰਿਤਸਰ: ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਸਹੂਲਤਾਂ ਦੇਣ ਦੇ ਕਈ ਦਾਅਵੇ ਕੀਤੇ ਜਾਂਦੇ ਹਨ, ਪਰ ਹਕੀਕਤ ਇਸ ਤੋਂ ਵੱਖਰੀ ਹੈ। ਹਾਲਤ ਇਹ ਹਨ ਕਿ ਕੜਾਕੇ ਦੀ ਠੰਢ ਵਿਚ ਮਰੀਜ਼ਾਂ ਨੂੰ ਕੰਬਲ ਤੱਕ ਨਹੀਂ ਦਿੱਤੇ ਜਾ ਰਹੇ। ਸਰਕਾਰ ਨੇ ਹਸਪਤਾਲ ਵਿਚ ਮਰੀਜਾਂ ਲਈ ਜੋ ਕੰਬਲ ਭੇਜੇ ਹਨ, ਉਹਨਾਂ ਨੂੰ ਪ੍ਰਬੰਧਕਾਂ ਨੇ ਸਟੋਰ ਵਿਚ ਬੰਦ ਕਰ ਕੇ ਰੱਖਿਆ ਹੈ।

ਮਰੀਜ਼ ਘਰੋਂ ਰਜਾਈਆਂ ਲਿਆਉਣ ਲਈ ਮਜਬੂਰ ਹਨ। ਬੁੱਧਵਾਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਸ ਸਬੰਧੀ ਜਾਂਚ ਕੀਤੀ ਗਈ, ਇਥੇ ਦੋ ਵਾਰਡਾਂ ਦੇ ਸਟਾਫ ਨੇ ਮਰੀਜ਼ਾਂ ਨੂੰ ਕੰਬਲ ਨਾ ਦੇਣ ਲਈ ਅਜੀਬ ਦਲੀਲਾਂ ਦਿੱਤੀਆਂ। ਐਮਰਜੈਂਸੀ ਵਾਰਡ ਦੇ ਸਟਾਫ ਦਾ ਕਹਿਣਾ ਹੈ ਕਿ ਜੇਕਰ ਮਰੀਜਾਂ ਨੂੰ ਕੰਬਲ ਦੇ ਦਿੱਤੇ ਜਾਣ ਤਾਂ ਉਹ ਕੰਬਲ ਘਰ ਲੈ ਜਾਂਦੇ ਹਨ।

ਉੱਥੇ ਹੀ ਸਰਜੀਕਲ ਵਾਰਡ ਦੇ ਸਟਾਫ ਦਾ ਜਵਾਬ ਸੀ ਕਿ ਜਿਸ ਨੂੰ ਜ਼ਰੂਰਤ ਹੁੰਦੀ ਹੈ, ਉਹ ਉਸ ਨੂੰ ਕੰਬਲ ਦਿੰਦੇ ਹਨ। ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇੰਨੀ ਠੰਡ ਵਿਚ ਇਨ੍ਹਾਂ ਮਰੀਜ਼ਾਂ ਨੂੰ ਕੰਬਲ ਦੀ ਜ਼ਰੂਰਤ ਨਹੀਂ ਹੈ ਤਾਂ ਉਹ ਚੁੱਪ ਰਹੇ। ਦਿਲਬਾਗ ਸਿੰਘ ਨਿਵਾਸੀ ਫਤਿਹਗੜ ਚੂੜੀਆਂ ਰੋਡ ਜੋ ਪਿਛਲੇ 10 ਦਿਨਾਂ ਤੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਹੈ, ਨੂੰ ਹਸਪਤਾਲ ਪ੍ਰਬੰਧਕਾਂ ਵੱਲੋਂ ਕੋਈ ਕੰਬਲ ਨਹੀਂ ਦਿੱਤਾ ਗਿਆ।

ਦਿਲਬਾਗ ਸਿੰਘ ਦੀ ਦੂਰ ਦੀ ਰਿਸ਼ਤੇਦਾਰ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਹ ਵੀ ਫਤਿਹਗੜ ਰੋਡ ਵਿਖੇ ਰਹਿੰਦੀ ਹੈ। ਉਸ ਨੂੰ ਪਤਾ ਲੱਗਿਆ ਕਿ ਦਿਲਬਾਗ ਸਿੰਘ ਠੀਕ ਨਹੀਂ ਸੀ। ਉਹ ਹਸਪਤਾਲ ਪਹੁੰਚ ਗਈ। ਦੋ ਦਿਨ ਪਹਿਲਾਂ ਉਸ ਦਾ ਆਪ੍ਰੇਸ਼ਨ ਹੋਇਆ ਸੀ। ਉਹਨਾਂ ਨੇ ਘਰੋਂ ਰਜਾਈ ਲਿਆਂਦੀ ਹੈ। ਸਿਵਲ ਹਸਪਤਾਲ ਤਰਨਤਾਰਨ ਵਿਖੇ ਸਰਜੀਕਲ ਵਾਰਡ ਨੰਬਰ 3 ਵਿਖੇ 11 ਮਰੀਜ਼ ਦਾਖਲ ਸਨ।

ਜ਼ਿਆਦਾਤਰ ਮਰੀਜ਼ਾਂ ਦੇ ਕੋਲ ਕੰਬਲ ਸਨ, ਪਰ ਇਹ ਕੰਬਲ ਉਹ ਸਨ ਜੋ ਉਹਨਾਂ ਨੇ ਆਪਣੇ ਘਰਾਂ ਤੋਂ ਲਿਆਂਦੇ ਸੀ। 3-4 ਮਰੀਜ਼ ਬਿਨਾਂ ਕੰਬਲ ਦੇ ਸਨ, ਜਿਨ੍ਹਾਂ ਨੂੰ ਬਾਕੀ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਕੰਬਲ ਲਿਆਂਦੇ ਸੀ। ਇਥੇ ਦਾਖਲ ਮਰੀਜ਼ ਜਸਵੰਤ ਸਿੰਘ, ਅਰਸ਼ਦੀਪ ਸਿੰਘ, ਕਰਨੈਲ ਸਿੰਘ ਆਦਿ ਨੇ ਦੱਸਿਆ ਕਿ ਉਹ 6 ਦਿਨਾਂ ਤੋਂ ਵਾਰਡ ਵਿਚ ਦਾਖਲ ਹਨ। ਉਹਨਾਂ ਨੂੰ ਹਸਪਤਾਲ ਵੱਲੋਂ ਕੋਈ ਕੰਬਲ ਨਹੀਂ ਦਿੱਤਾ ਗਿਆ। ਉਹਨਾਂ ਨੂੰ ਆਪਣੇ ਘਰੋਂ ਚਾਦਰਾਂ ਅਤੇ ਕੰਬਲ ਲਿਆਉਣੇ ਪਏ।

ਜਦੋਂ ਇਥੇ ਸਟਾਫ ਵੱਲੋਂ ਮਰੀਜ਼ਾਂ ਨੂੰ ਕੰਬਲ ਨਾ ਦੇਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜੇ ਸਰਕਾਰ ਕੰਬਲ ਨਹੀਂ ਦਿੰਦੀ ਤਾਂ ਅਸੀਂ ਮਰੀਜ਼ਾਂ ਨੂੰ ਕਿੱਥੋਂ ਦੇਵਾਂਗੇ।ਇਸ ਸਬੰਧੀ ਤਰਨਤਾਰਨ ਦੇ ਸਿਵਲ ਸਰਜਨ ਡਾ. ਅਨੂਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਰਕਾਰ ਨੇ ਕੰਬਲ ਦਿੱਤੇ ਹਨ। ਜੇ ਇਹ ਮਰੀਜ਼ਾਂ ਨੂੰ ਨਹੀਂ ਦਿੱਤੇ ਜਾਂਦੇ ਤਾਂ ਸਿਵਲ ਹਸਪਤਾਲ ਦੇ ਐਸਐਮਓ ਤੋਂ ਜਵਾਬ ਮੰਗਿਆ ਜਾਵੇਗਾ।

 

ਹਸਪਤਾਲ ਵਿਚ ਉਪਲਬਧ ਕੰਬਲ ਦੀਆਂ ਰਿਪੋਰਟਾਂ ਵੀ ਮੰਗੀਆਂ ਜਾਣਗੀਆਂ। ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਹਸਪਤਾਲ ਦੀ ਨਰਸ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਜਾਵੇਗੀ।