ਚੋਣਾਂ ਲੜਨ ਦੀ ਝਾਕ ਰੱਖਣ ਵਾਲੇ ਕਿਸਾਨ ਆਗੂ SKM ਤੋਂ ਦੂਰ ਹੀ ਰੱਖੇ ਜਾਣਗੇ- ਬਲਦੇਵ ਸਿੰਘ ਸਿਰਸਾ
ਕਿਸਾਨ ਅੰਦੋਲਨ ਨਾਲ ਬਣੀ ਭਾਈਚਾਰਕ ਸਾਂਝ ਤੋੜਨ ਲਈ ਕਰਵਾਈ ਗਈ ਬੇਅਦਬੀ ਅਤੇ ਲੁਧਿਆਣਾ ਬਲਾਸਟ: ਸਿਰਸਾ
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼ ਅਤੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬਲਾਸਟ ਤੋਂ ਬਾਅਦ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਵੱਖ-ਵੱਖ ਚਿੰਤਕਾਂ ਵਲੋਂ ਲਗਾਤਾਰ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹਨਾਂ ਹਾਲਾਤਾਂ ਤੋਂ ਇੰਝ ਲੱਗਦਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਬਣੀ ਭਾਈਚਾਰਕ ਸਾਂਝ ਤੋੜਨ ਲਈ ਅਜਿਹੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਮੋਰਚੇ ਦੌਰਾਨ ਪੂਰੇ ਦੇਸ਼ ਅਤੇ ਦੁਨੀਆਂ ਵਿਚ ਸਿੱਖ ਕੌਮ ਦੀ ਦਸਤਾਰ ਹੋਰ ਉੱਚੀ ਹੋਈ ਹੈ, ਦੁਨੀਆਂ ਭਰ ਵਿਚ ਸ਼ਾਂਤਮਈ ਅੰਦੋਲਨ ਦੀ ਮਿਸਾਲ ਪੇਸ਼ ਕੀਤੀ ਗਈ।
ਉਹਨਾਂ ਕਿਹਾ ਕਿ ਪੰਜਾਬ ਵਿਚ ਆਉਂਦੇ ਸਾਰ ਹੀ ਮਾਹੌਲ ਨੂੰ ਵਿਗਾੜਿਆ ਗਿਆ, ਕੇਂਦਰ ਸਰਕਾਰ ਅਤੇ ਕੇਂਦਰੀ ਏਜੰਸੀਆਂ ਨੂੰ ਪੰਜਾਬ ਦੀ ਸ਼ਾਂਤੀ ਰਾਸ ਨਹੀਂ ਆ ਰਹੀ, ਜਿਸ ਕਰਕੇ ਇਸ ਤਰ੍ਹਾਂ ਦੇ ਘਟਨਾਕ੍ਰਮ ਨੂੰ ਅੰਜਾਮ ਦਿਵਾਇਆ ਜਾ ਰਿਹਾ ਹੈ। ਬਲਦੇਵ ਸਿਰਸਾ ਨੇ ਕਿਹਾ ਕਿ 1947 ਤੋਂ ਲੈ ਕੇ ਅੱਜ ਤੱਕ ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਕੇਂਦਰੀ ਏਜੰਸੀਆਂ ਵਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਤੇ ਉਹਨਾਂ ਦੀ ਨਸਲਕੁਸ਼ੀ ਕਰਨ ਲਈ ਬਹੁਤ ਕੁਝ ਕਰਵਾਇਆ ਗਿਆ ਪਰ ਕਿਸਾਨ ਅੰਦੋਲਨ ਦੌਰਾਨ ਆਇਆ ਹੜ੍ਹ ਇਸ ਸਭ ਨੂੰ ਰੋੜ ਕੇ ਲੈ ਗਿਆ। ਉਹਨਾਂ ਕਿਹਾ ਕਿ ਪੰਜਾਬ ਵਿਚ ਇਹਨੀਂ ਦਿਨੀਂ ਵਾਪਰ ਰਹੀਆਂ ਘਟਨਾਵਾਂ ਲਈ ਕੇਂਦਰੀ ਏਜੰਸੀਆਂ ਅਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ।
ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੋਕ ਹੁਣ ਸਮਝਦਾਰ ਹੋ ਚੁੱਕੇ ਹਨ, ਸੁਚੇਤ ਹੋਏ ਲੋਕ ਸਰਕਾਰਾਂ ਅਤੇ ਏਜੰਸੀਆਂ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਅਸੀਂ ਕਿਸੇ ਵੀ ਸਿਆਸੀ ਆਗੂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸਟੇਜ ਨੇੜੇ ਨਹੀਂ ਆਉਣ ਦਿੱਤਾ, ਹੁਣ ਵੀ ਅਸੀਂ ਸੰਯੁਕਤ ਮੋਰਚੇ ਨੂੰ ਬਚਾ ਕੇ ਰੱਖਾਂਗੇ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਅਜੇ ਖਤਮ ਨਹੀਂ ਹੋਇਆ, ਇਸ ਨੂੰ ਮੁਲਤਵੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਕਈ ਮੰਗਾਂ ਬਾਕੀ ਹਨ, ਹਰਿਆਣਾ ਵਿਚ ਕਿਸਾਨਾਂ ’ਤੇ ਦਰਜ ਕੇਸ ਵਾਪਸ ਨਹੀਂ ਹੋਏ ਨਾ ਹੀ ਦਿੱਲੀ ਵਿਚ ਕਿਸਾਨਾਂ ਦੇ ਪਰਚੇ ਰੱਦ ਕੀਤੇ ਗਏ, ਇਸ ਤੋਂ ਇਲਾਵਾ ਲਖੀਮਪੁਰ ਖੀਰੀ ਮਾਮਲੇ ਵਿਚ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਦੇ ਨਾਲ ਹੀ ਐਮਐਸਪੀ ਬਾਰੇ ਕੋਈ ਫੈਸਲਾ ਆਇਆ ਹੈ।
ਕਿਸਾਨ ਆਗੂਆਂ ਵਲੋਂ ਇਕ ਦੂਜੇ ਖਿਲਾਫ਼ ਦਿੱਤੇ ਗਏ ਬਿਆਨਾਂ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਆਗੂਆਂ ਦੀ ਇਕ ਮੀਟਿੰਗ ਹੋਈ ਸੀ, ਜਿਸ ਵਿਚ ਮੰਗ ਕੀਤੀ ਗਈ ਕਿ ਆਗੂ ਇਕ ਦੂਜੇ ਖਿਲਾਫ਼ ਬਿਆਨ ਦੇਣੇ ਬੰਦ ਕਰਨ। ਸਾਡੇ ’ਤੇ ਪੂਰੇ ਦੇਸ਼ ਦੇ ਲੋਕ ਆਸਾਂ ਲਾ ਕੇ ਬੈਠੇ ਹਾਂ, ਗੈਰ ਰਾਜਨੀਤਿਕ ਤੌਰ ’ਤੇ ਚੱਲਣਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਕੋਈ ਚੋਣ ਲੜਨੀ ਹੈ ਤਾਂ ਉਹ ਲੜ ਸਕਦਾ ਹੈ ਪਰ ਉਹ ਸੰਯੁਕਤ ਕਿਸਾਨ ਮੋਰਚੇ ਦਾ ਨਾਂਅ ਨਹੀਂ ਵਰਤੇਗਾ ਅਤੇ ਉਹ ਵਾਪਸ ਸੰਯੁਕਤ ਮੋਰਚੇ ਵਿਚ ਨਹੀਂ ਆ ਸਕਦਾ।
ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਬਲਦੇਵ ਸਿਰਸਾ ਨੇ ਕਿਹਾ ਕਿ ਸਾਨੂੰ ਅਫਵਾਹਾਂ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕੇਂਦਰੀ ਏਜੰਸੀਆਂ, ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਭੋਲੀ ਭਾਲੀ ਜਨਤਾ ਨੂੰ ਵਰਗਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਲੋਕ ਬਹੁਤ ਸੁਚੇਤ ਹੋ ਚੁੱਕੇ ਹਨ। ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਅਤਿਵਾਦੀ, ਖਾਲਿਸਤਾਨੀ ਅਤੇ ਵੱਖਵਾਦੀ ਕਿਹਾ ਗਿਆ ਪਰ ਲੋਕ ਉਹਨਾਂ ਦੀਆਂ ਗੱਲਾਂ ਵਿਚ ਨਹੀਂ ਆਏ ਅਤੇ ਕਿਸੇ ਸਾਜ਼ਿਸ਼ ਨੂੰ ਸਿਰੇ ਨਹੀਂ ਚੜਨ ਦਿੱਤਾ।
ਉਹਨਾਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਜਾਰੀ ਸੀ, ਉਦੋਂ ਸਾਰੀਆਂ ਸਿਆਸੀ ਪਾਰਟੀਆਂ ਭਾਜਪਾ ਅਤੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੀਆਂ ਸਨ ਪਰ ਅੱਜ ਉਹੀ ਭਾਜਪਾ ਦੁੱਧ ਧੋਤੀ ਹੋ ਗਈ ਹੈ, ਹੁਣ ਉਹ ਉਹਨਾਂ ਨਾਲ ਗਠਜੋੜ ਕਰ ਰਹੇ ਹਨ। ਉਹਨਾਂ ਕਿਹਾ ਅਕਾਲੀ ਭਾਜਪਾ ਹੁਣ ਵੀ ਇਕੱਠੇ ਹਨ, ਉਹ ਬਸ ਵੱਖ ਹੋਣ ਦਾ ਡਰਾਮਾ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਤੱਕ ਅਪਣੇ ਆਪ ਨੂੰ ਪੰਥ ਦਾ ਥੰਮ ਕਹਾਉਣ ਵਾਲੇ ਜਾਂ ਅਕਾਲੀ ਦਲ ਦੇ ਖਿਲਾਫ਼ ਬਿਆਨਬਾਜ਼ੀਆਂ ਕਰਨ ਵਾਲੇ ਅਕਾਲੀ ਦਲ ਵਿਚ ਹੀ ਵਾਪਸ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਵਲੋਂ ਕੇਂਦਰ ਨਾਲ ਰਲ ਕੇ ਪੰਜਾਬ ਦੀ ਸੱਤਾ ਹਾਸਲ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ।