ਬਾਜਵਾ ਨੇ ਕੈਪਟਨ 'ਤੇ ਮੁੜ ਕੀਤਾ 'ਚਿੱਠੀ ਹਮਲਾ'!

ਏਜੰਸੀ

ਖ਼ਬਰਾਂ, ਪੰਜਾਬ

ਘੱਟ ਗਿਣਤੀਆਂ ਨਾਲ ਵਿਤਕਰੇ ਸਬੰਧੀ ਚੁਕਿਆ ਸਵਾਲ

file photo

ਗੁਰਦਾਸਪੁਰ : ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਮੁੜ ਚਿੱਠੀ ਰਾਹੀਂ ਹਮਲਾ ਬੋਲਿਆ ਹੈ। ਇਸ ਵਾਰ ਉਨ੍ਹਾਂ ਨੇ ਚਿੱਠੀ ਰਾਹੀਂ ਬਟਾਲਾ ਦੇ ਕ੍ਰਿਸ਼ਚੀਅਨ ਕਾਲਜ ਅੰਦਰ ਚਲਾਏ ਜਾ ਰਹੇ ਰੋਡ ਪ੍ਰਾਜੈਕਟ 'ਤੇ ਸਵਾਲ ਉਠਾਏ ਹਨ।

ਚਿੱਠੀ 'ਚ ਕੈਪਟਨ 'ਤੇ ਘੱਟ ਗਿਣਤੀਆਂ ਨਾਲ ਵਿਤਕਰੇ ਦਾ ਦੋਸ਼ ਲਾਉਂਦਿਆਂ ਉਨ੍ਹਾਂ ਲਿਖਿਆ ਹੈ ਕਿ ਇਕ ਪਾਸੇ ਤੁਸੀਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦਿਆਂ ਖੁਦ ਨੂੰ ਘੱਟ ਗਿਣਤੀਆਂ ਦੀ ਰਾਖ਼ੀ ਦੇ ਮੁਦਈ ਕਹਿੰਦੇ ਹੋ ਤੇ ਦੂਜੇ ਪਾਸੇ ਘੱਟ ਗਿਣਤੀਆਂ ਨਾਲ ਸਬੰਧਤ ਕਾਲਜ ਨਾਲ ਅਜਿਹਾ ਵਤੀਰਾ ਅਪਨਾ ਰਹੇ ਹੋ।

ਬਾਜਵਾ ਨੇ ਚਿੱਠੀ ਰਾਹੀਂ ਸਵਾਲ ਉਠਾਇਆ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਨੇ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਮਤਾ ਪਾਸ ਕਰਵਾਇਆ ਹੈ ਤੇ ਦੂਜੇ ਇਕ ਘੱਟ ਗਿਣਤੀ ਨਾਲ ਸਬੰਧਤ ਕਾਲਜ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਪਣੀ ਕਥਨੀ ਤੇ ਕਰਨੀ ਵਿਚ ਅੰਤਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।

ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਬਾਜਵਾ ਨੇ ਚਿੱਠੀ ਲਿਖ ਕੇ ਮੁੱਖ ਮੰਤਰੀ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉਠਾਏ ਸਨ। ਇਸ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਸਿਆਸੀ ਪਾੜਾ ਹੋਰ ਗਹਿਰਾ ਗਿਆ ਸੀ।

ਬਾਜਵਾ ਵਲੋਂ ਕੈਪਟਨ 'ਤੇ ਹੁਣ ਮੁੜ ਕੀਤੇ 'ਚਿੱਠੀ ਵਾਰ' ਨਾਲ ਆਉਂਦੇ ਸਮੇਂ 'ਚ ਦੋਵਾਂ ਆਗੂਆਂ ਵਿਚਾਲੇ ਸਿਆਸੀ ਘਮਾਸਾਨ  ਮੁੜ ਸਿਖ਼ਰ 'ਤੇ ਪਹੁੰਚਣ ਦੇ ਅਸਾਰ ਬਣਦੇ ਜਾ ਰਹੇ ਹਨ।