ਇਸ ਮੰਤਰੀ ਦੀ ਮਿਹਰਬਾਨੀ ਸਦਕਾ ਹਨੀਪ੍ਰੀਤ 5ਵੀਂ ਵਾਰ ਸੌਦਾ ਸਾਧ ਨੂੰ ਮਿਲੀ
ਦੋਹਾਂ ਵਿਚਾਲੇ ਕਰੀਬ 20 ਮਿੰਟ ਮੁਲਾਕਾਤ ਹੋਈ।
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਸੌਦਾ ਸਾਧ ਨਾਲ ਉਸ ਦੀ ਕਰੀਬੀ ਹਨੀਪ੍ਰੀਤ ਨਾਲ ਮੁਲਾਕਾਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ 'ਚ ਹਨੀਪ੍ਰੀਤ ਉਸ ਨੂੰ ਮਿਲਣ ਲਈ ਪੰਜਵੀਂ ਵਾਰ ਪੁੱਜੀ। ਦੋਹਾਂ ਵਿਚਾਲੇ ਕਰੀਬ 20 ਮਿੰਟ ਮੁਲਾਕਾਤ ਹੋਈ।
ਇਥੇ ਦਸਣਾ ਬਣਦਾ ਹੈ ਕਿ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆਈ ਹਨੀਪ੍ਰੀਤ ਨੇ ਕੁੱਝ ਹੀ ਦਿਨਾਂ 'ਚ ਸੌਦਾ ਸਾਧ ਨਾਲ 5ਵੀਂ ਵਾਰ ਮੁਲਾਕਾਤ ਕੀਤੀ ਹੈ। ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ ਅਤੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ਮਾਮਲੇ 'ਚ ਸੌਦਾ ਸਾਧ ਰੋਹਤਕ ਦੀ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਿਹਾ ਹੈ।
ਦਸਣਯੋਗ ਹੈ ਕਿ ਪੰਚਕੂਲਾ 'ਚ ਭੜਕੀ ਹਿੰਸਾ ਅਤੇ ਅਗਜਨੀ ਨੂੰ ਲੈ ਕੇ ਹਨੀਪ੍ਰੀਤ ਲੰਬੇ ਸਮੇਂ ਤੋਂ ਅੰਬਾਲਾ ਜੇਲ ਵਿਚ ਬੰਦ ਸੀ। ਹਨੀਪ੍ਰੀਤ ਤੋਂ ਦੇਸ਼ਧਰੋਹ ਅਤੇ ਹੋਰ ਧਾਰਾਵਾਂ ਹਟ ਜਾਣ ਮਗਰੋਂ ਬੀਤੇ ਸਾਲ 6 ਨਵੰਬਰ ਮਹੀਨੇ ਜੇਲ 'ਚੋਂ ਜ਼ਮਾਨਤ 'ਤੇ ਰਿਹਾਅ ਹੋਈ ਸੀ।
ਉਦੋਂ ਤੋਂ ਉਹ ਸਿਰਸਾ ਡੇਰੇ ਵਿਚ ਰਹਿ ਰਹੀ ਹੈ। ਸੌਦਾ ਸਾਧ ਨਾਲ ਮੁਲਾਕਾਤ ਦੀ ਸੂਚੀ ਵਿਚ ਪਰਵਾਰਕ ਮੈਂਬਰਾਂ ਵੀ ਸ਼ਾਮਲ ਹਨ। ਚਰਚਾ ਇਹ ਛਿੜੀ ਹੋਈ ਹੈ ਕਿ ਡੇਰੇ ਦੇ ਪ੍ਰਬੰਧ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ, ਇਸ ਲਈ ਹੀ ਇਹ ਮੁਲਾਕਾਤਾਂ ਦਾ ਦੌਰ ਚੱਲ ਰਿਹਾ ਹੈ।
ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਨੀਪ੍ਰੀਤ ਤੇ ਸੌਦਾ ਸਾਧ ਦੀਆਂ ਇਨ੍ਹਾਂ ਧੜਾਧੜ ਹੋ ਰਹੀਆਂ ਮੁਲਾਕਾਤਾਂ ਪਿਛੇ ਹਰਿਆਣਾ ਦੇ ਇਕ ਮੰਤਰੀ ਦੀ ਮਿਹਰਬਾਨੀ ਹੈ।