ਹੁਣ ਪੰਜਾਬ ਦੇ ਜੰਗਲਾਂ 'ਚ ਲੱਗਣਗੇ ਥਰਮਲ ਇਮੇਜਿੰਗ ਕੈਮਰੇ!
'ਫ਼ਾਰੈਸਟ ਐਂਡ ਵਾਈਲਡ ਲਾਈਫ਼ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ' ਹੋਵੇਗਾ ਲਾਗੂ
ਚੰਡੀਗੜ੍ਹ : ਪੰਜਾਬ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੇ ਬਚਾਅ ਲਈ 'ਫ਼ਾਰੈਸਟ ਐਂਡ ਵਾਈਲਡ ਲਾਈਫ਼ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ' ਅਪਣਾਇਆ ਜਾਵੇਗਾ। ਇਸ ਨਵੀਂ ਪ੍ਰਣਾਲੀ ਤਹਿਤ ਜੰਗਲਾਂ 'ਚ ਥਰਮਲ ਇਮੇਜਿੰਗ ਕੈਮਰੇ, ਟਰੈਪ ਕੈਮਰੇ ਅਤੇ ਡਰੋਨਾਂ ਦੀ ਮਦਦ ਲਈ ਜਾਵੇਗੀ।
ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਅਤੇ ਇਕ ਪੇਸ਼ਕਾਰੀ ਵੇਖਣ ਉਪਰੰਤ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦਸਿਆ ਕਿ ਸੂਬੇ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਨਿਗਰਾਨੀ ਲਈ ਇਕ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ।
ਉਨ੍ਹਾਂ ਦਸਿਆ ਕਿ ਰਾਜਸਥਾਨ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਵੀ 'ਫ਼ਾਰੈਸਟ ਐਂਡ ਵਾਈਲਡ ਲਾਈਫ਼ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ' ਨੂੰ ਅਪਣਾਉਣ ਲਈ ਸਰਵੇਖਣ ਕਰ ਰਹੀ ਹੈ ਅਤੇ ਜਲਦ ਹੀ ਜੰਗਲਾਤ ਵਿਭਾਗ ਦੀ ਇਕ ਸੀਨੀਅਰ ਅਧਿਕਾਰੀਆਂ ਦੀ ਟੀਮ ਰਾਜਸਥਾਨ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਵੀ ਕਰੇਗੀ। ਉਨ੍ਹਾਂ ਦਸਿਆ ਕਿ ਦੌਰਾ ਕਰਨ ਵਾਲੀ ਟੀਮ ਦੀ ਰਿਪੋਰਟ ਅਨੁਸਾਰ ਇਸ ਯੋਜਨਾ ਨੂੰ ਅਮਲੀ ਰੂਪ ਦਿਤਾ ਜਾਵੇਗਾ।
ਸ. ਧਰਮਸੋਤ ਨੇ ਦਸਿਆ ਕਿ ਇਸ ਨਵੀਂ ਪ੍ਰਣਾਲੀ ਨੂੰ ਅਪਣਾ ਕੇ ਪ੍ਰਭਾਵੀ ਢੰਗ ਨਾਲ ਜੰਗਲਾਂ ਤੋਂ ਕੀਮਤੀ ਲੱਕੜ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ। ਉਨ੍ਹਾਂ ਦਸਿਆ ਕਿ ਇਸ ਸਿਸਟਮ ਰਾਹੀਂ ਜੰਗਲੀ ਜੀਵਾਂ ਦੇ ਸ਼ਿਕਾਰ ਨੂੰ ਵੀ ਰੋਕਿਆ ਜਾ ਸਕੇਗਾ ਅਤੇ ਜੰਗਲਾਂ ਨੂੰ ਅੱਗ ਤੋਂ ਬਚਾਇਆ ਵੀ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਇਸ ਨਵੀਂ ਪ੍ਰਣਾਲੀ ਨੂੰ ਅਪਣਾਉਣ ਨਾਲ ਜੰਗਲਾਤ ਵਿਭਾਗ ਵਲੋਂ ਖ਼ਾਲੀ ਕਰਵਾਈਆਂ ਗਈਆਂ ਨਾਜਾਇਜ਼ ਕਬਜ਼ੇ ਵਾਲੀਆਂ ਥਾਵਾਂ, ਨਵੀਂਆਂ ਪਲਾਂਟੇਸ਼ਨਾਂ, ਵਿਭਾਗ ਦੀਆਂ ਖ਼ਾਲੀ ਪਈਆਂ ਥਾਵਾਂ 'ਤੇ ਕੀਤੀ ਗਈ ਪਲਾਂਟੇਸ਼ਨ 'ਤੇ ਨਿਗਰਾਨੀ ਵੀ ਰੱਖੀ ਜਾ ਸਕੇਗੀ।