PUDA ਦੇ ਗ੍ਰਿਫ਼ਤਾਰ ਅਧਿਕਾਰੀ ਵੱਲੋਂ ਕਰੋੜਾਂ ਦੀ ਜਾਇਦਾਦ ਬਣਾਉਣ ਦੇ ਤੱਥ ਉਜਾਗਰ, ਵਿਜੀਲੈਂਸ ਨੇ ਕੀਤੇ ਵੱਡੇ ਖੁਲਾਸੇ 

ਏਜੰਸੀ

ਖ਼ਬਰਾਂ, ਪੰਜਾਬ

ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਵਿਚ ਇਹ ਅਧਿਕਾਰੀ ਸ਼ਿਕੰਜ਼ੇ ਵਿਚ ਫਸਦਾ ਨਜ਼ਰ ਆ ਰਿਹਾ ਹੈ।

vigilance

ਮੁਹਾਲੀ - ਵਿਜੀਲੈਂਸ ਬਿਊਰੋ ਨੇ ਪੁੱਡਾ ਦੇ ਗ੍ਰਿਫ਼ਤਾਰ ਕੀਤੇ ਕਾਰਜਸਾਧਕ ਅਫ਼ਸਰ (ਈਓ) ਮਹੇਸ਼ ਬਾਂਸਲ ਬਾਰੇ ਵੱਡੇ ਖੁਲਾਸੇ ਕੀਤੇ ਹਨ। ਦਰਅਸਲ ਵਿਜੀਲੈਂਸ ਨੇ ਮਹੇਸ਼ ਬਾਂਸਲ ਵੱਲੋਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦੇ ਤੱਥ ਉਜਾਗਰ ਕੀਤੇ ਹਨ। ਸੂਤਰਾਂ ਤੋਂ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਇਸ ਅਫ਼ਸਰ ਵੱਲੋਂ ਚੰਡੀਗੜ੍ਹ ਦੇ ਆਸ-ਪਾਸ ਨਾਮੀ-ਬੇਨਾਮੀ ਪਲਾਟ ਅਤੇ ਮਹਿੰਗੀਆਂ ਕਾਰਾਂ ਦੀ ਖ਼ਰੀਦ ਕੀਤੀ ਗਈ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਅਧਿਕਾਰੀ ਵੱਲੋਂ ਜੋ ਸਮਾਨ ਇਕੱਠਾ ਕੀਤਾ ਗਿਆ ਹੈ, ਉਨ੍ਹਾਂ ਦੀ ਕੀਮਤ ਆਮਦਨ ਨਾਲੋਂ ਕਿਤੇ ਜ਼ਿਆਦਾ ਹੈ। ਇਸ ਤਰ੍ਹਾਂ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਵਿਚ ਇਹ ਅਧਿਕਾਰੀ ਸ਼ਿਕੰਜ਼ੇ ਵਿਚ ਫਸਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ - ਬ੍ਰਿਟਿਸ਼ ਸਿੱਖ ਇੰਜੀਨੀਅਰ ਨੇ ਜਿਤਿਆ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ‘ਪੁਆਇੰਟਸ ਆਫ਼ ਲਾਈਟ ਐਵਾਰਡ’ 

ਵਿਜੀਲੈਂਸ ਅਧਿਕਾਰੀਆਂ ਵੱਲੋਂ ਮੁੱਢਲੇ ਤੌਰ ’ਤੇ ਜੋ ਤੱਥ ਇਕੱਤਰ ਕੀਤੇ ਗਏ ਹਨ, ਉਨ੍ਹਾਂ ਮੁਤਾਬਕ ਇਹ ਅਧਿਕਾਰੀ ਚੰਡੀਗੜ੍ਹ ਦੇ ਮਾਡਰਨ ਹਾਊਸਿੰਗ ਕੰਪਲੈਕਸ ਵਿਚ ਖਰੀਦੇ ਘਰ ਵਿਚ ਰਹਿ ਰਿਹਾ ਹੈ ਤੇ ਪਤਨੀ ਦੇ ਨਾਂ ਚੰਡੀਗੜ੍ਹ ਦੇ 38-ਵੈਸਟ ਸੈਕਟਰ ਵਿਚ ਫਲੈਟ ਲਿਆ ਹੋਇਆ ਹੈ। ਜ਼ੀਰਕਪੁਰ ਦੀ ਕੌਸਮੋ ਕੰਪਨੀ ’ਚ ਕਾਰਜਸਾਧਕ ਅਫ਼ਸਰ ਨੇ ਪੁੱਤਰ ਦੇ ਨਾਂ ’ਤੇ ਕਾਰੋਬਾਰ ਦਾ ਅੱਡਾ ਬਣਾਇਆ ਹੋਇਆ ਹੈ। ਮੁਹਾਲੀ ਦੀ ਆਈਟੀ ਸਿਟੀ ਵਿਚ ਇਸ ਅਧਿਕਾਰੀ ਵੱਲੋਂ ਇੱਕ ਕਰੋੜ ਰੁਪਏ ਦੀ ਕੀਮਤ ਦਾ ਇੱਕ ਪਲਾਟ ਖ਼ਰੀਦਿਆ ਗਿਆ ਹੈ।

ਮੁਹਾਲੀ ਦੇ ਹੀ ਸੈਕਟਰ 82 ਵਿਚ ਇੱਕ ਪਲਾਟ ਵਿਚ ਉਸਾਰੀ ’ਤੇ ਇੱਕ ਕਰੋੜ ਰੁਪਏ ਖ਼ਰਚ ਕੀਤੇ ਹਨ ਤੇ ਦੋ ਕਰੋੜ ਰੁਪਏ ਦਾ ਇੱਕ ਪਲਾਟ ਖ਼ਰੀਦਿਆ ਹੈ। ਵਿਜੀਲੈਂਸ ਨੇ ਤਿੰਨ ਮਹਿੰਗੀਆਂ ਕਾਰਾਂ ਵੀ ਇਸ ਅਧਿਕਾਰੀ ਵੱਲੋਂ ਖ਼ਰੀਦੀਆਂ ਹੋਣ ਦੇ ਤੱਥ ਸਾਹਮਣੇ ਲਿਆਂਦੇ ਹਨ। ਵਿਜੀਲੈਂਸ ਮੁਤਾਬਕ ਮਹੇਸ਼ ਬਾਂਸਲ ਸਾਲ 2001 ਤੋਂ ਲੈ ਕੇ 2022 ਤੱਕ ਪੁੱਡਾ ਵਿਚ ਅਹਿਮ ਅਹੁਦਿਆਂ ’ਤੇ ਤਾਇਨਾਤ ਰਿਹਾ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਸ ਈਓ ਨੂੰ ਭ੍ਰਿਸ਼ਟਾਚਾਰ ਤੇ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਵਿਚ ਕੁੱਝ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਪੰਜਾਬ 'ਚ OPS ਲਾਗੂ ਕਰਨ ਦੀ ਤਿਆਰੀ, CM ਭਗਵੰਤ ਮਾਨ ਨੇ ਬਣਾਈ ਸਬ-ਕਮੇਟੀ

ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਇਸ ਅਧਿਕਾਰੀ ਖਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਜਾਂਚ-ਪੜਤਾਲ ਚੱਲ ਰਹੀ ਸੀ ਤੇ ਸਾਰੇ ਤੱਥ ਮੁਕੰਮਲ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਇੱਕ ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਨੂੰ ਵੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤਰ੍ਹਾਂ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ’ਚ ਤਾਇਨਾਤੀ ਦੌਰਾਨ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦੇ ਦੋਸ਼ਾਂ ਵਿਚ ਦੂਜਾ ਈਓ ਵਿਜੀਲੈਂਸ ਦੇ ਅੜਿੱਕੇ ਚੜ੍ਹਿਆ ਹੈ।

ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਹੋਰਨਾਂ ਕਈ ਅਫ਼ਸਰਾਂ ਦੇ ਖਿਲਾਫ਼ ਵੀ ਗੁਪਤ ਤੌਰ ’ਤੇ ਜਾਂਚ ਆਰੰਭੀ ਗਈ ਹੈ ਤੇ ਤੱਥ ਇਕੱਤਰ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਵਿੱਚ ਕਾਂਗਰਸ ਤੇ ਅਕਾਲੀ ਦਲ ਨਾਲ ਸਬੰਧਤ ਕਈ ਸਿਆਸੀ ਆਗੂ ਵੀ ਸ਼ਾਮਲ ਹਨ। ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਵੱਲੋਂ ਕੁੱਝ ਆਈਏਐੱਸ, ਪੀਸੀਐੱਸ ਅਧਿਕਾਰੀਆਂ ਤੇ ਮਾਲ ਅਫ਼ਸਰਾਂ ਦੇ ਅਸਾਸਿਆਂ ਬਾਰੇ ਵੀ ਤੱਥ ਇਕੱਤਰ ਕੀਤੇ ਜਾ ਰਹੇ ਹਨ।