ਦਿੱਲੀ ਹਿੰਸਾ 'ਤੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗ੍ਰਿਫ਼ਤਾਰ ਕੀਤੇ ਮਜੀਠੀਆ ਤੇ ਹੋਰਨਾਂ ਅਕਾਲੀ ਵਿਧਾਇਕਾਂ ਨਾਲ ਬਾਦਲ ਨੇ ਪੁਲਿਸ ਥਾਣੇ ਜਾ ਕੇ ਕੀਤੀ ਮੁਲਾਕਾਤ... 

Parkash Singh Badal

ਚੰਡੀਗੜ੍ਹ: ਕੇਂਦਰ ‘ਚ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਪੁਰਾਣੇ ਸਾਥੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਹਿੰਸਾ ‘ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵੱਡਾ ਬਿਆਨ ਦੇ ਦਿੱਤਾ ਹੈ। ਬਾਦਲ ਨੇ ਕਿਹਾ ਕਿ ਵਿਧਾਨ ਵਿੱਚ ਤਿੰਨ ਚੀਜ਼ਾਂ 'ਸੈਕੁਲਰਿਜ਼ਮ, ਸੋਸ਼ਲਿਜ਼ਮ ਅਤੇ ਡੈਮੋਕ੍ਰੇਸੀ' ਪ੍ਰਮੁੱਖ ਹਨ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹਿੰਦੁਸਤਾਨ ਵਿੱਚ ਨਾ ਤਾਂ ਸੈਕੁਲਰਿਜ਼ਮ ਹੈ ਤੇ ਨਾ ਹੀ ਸੋਸ਼ਲਿਜ਼ਮ, ਜਿੱਥੋਂ ਤੱਕ ਡੈਮੋਕ੍ਰੇਸੀ ਦਾ ਸਵਾਲ ਹੈ ਤਾਂ ਲੋਕਤੰਤਰ ਵੀ ਸਿਰਫ ਪਾਰਲੀਮੈਂਟਰੀ ਚੋਣਾਂ ਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਪੱਧਰ ਤੱਕ ਸੀਮਤ ਹੋ ਕੇ ਰਹਿ ਗਿਆ ਹੈ।

ਨਾਗਰਿਕਤਾ ਕਾਨੂੰਨ ਦੇ ਮੁੱਦੇ ਤੇ ਜਲ ਰਹੇ ਦੇਸ਼ ਖ਼ਾਸਕਰ ਰਾਜਧਾਨੀ ਦਿੱਲੀ ਦੇ ਮਾਹੌਲ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦਾ ਦੇਸ਼ ਵਿੱਚ ਧਰਮ ਨਿਰਪੱਖਤਾ, ਸਮਾਜਵਾਦ ਅਤੇ ਲੋਕਤੰਤਰ ਦੇ ਨਾ ਹੋਣ ਦਾ ਬਿਆਨ ਆਉਣਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਸਭ ਤੋਂ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਹੁਣੇ ਪਿੱਛੇ ਜਿਹੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਠੂਠਾ ਵਿਖਾਇਆ ਗਿਆ ਹੋਣ ਦੇ ਪ੍ਰਸੰਗ ਵਿੱਚ ਵੀ ਬਾਦਲ ਦੇ ਇਸ  ਬਿਆਨ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ।

ਸੈਕਟਰ ਤਿੰਨ ਦੇ ਪੁਲਿਸ ਥਾਣੇ ਤੋਂ ਬਾਹਰ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਾਦਲ ਨੇ ਇੱਥੋਂ ਤੱਕ ਕਿਹਾ, 'ਮੈਂ ਇਹ ਕਹਿੰਦਾ ਹਾਂ ਕਿ ਇਹ ਬਹੁਤ ਵੱਡੀ ਬਦਕਿਸਮਤੀ ਹੈ। ਅਮਨ ਸ਼ਾਂਤੀ ਦੇ ਨਾਲ ਰਹਿਣਾ ਬਹੁਤ ਜਰੂਰੀ ਹੈ। ਜੋ ਸਾਡੇ ਦੇਸ਼  ਦੇ ਸੰਵਿਧਾਨ ਵਿੱਚ ਤਿੰਨ ਚੀਜਾਂ ਲਿਖੀਆਂ ਹਨ  ਸੇਕੁਲਰਿਜਮ, ਸੋਸ਼ਲਿਜਮ ਅਤੇ ਡੇਮੋਕਰੇਸੀ।  ਇੱਥੇ ਨਾ ਤਾਂ ਸੇਕੁਲਰਿਜਮ ਹੈ ਨਾ ਸੋਸ਼ਲਿਜਮ ਹੈ। ਅਮੀਰ, ਅਮੀਰ ਹੁੰਦਾ ਜਾ ਰਿਹਾ ਹੈ ਗਰੀਬ, ਗਰੀਬ ਹੁੰਦਾ ਜਾ ਰਿਹਾ ਹੈ। ਡੇਮੋਕਰੇਸੀ ਵੀ ਸਿਰਫ 2 ਲੇਵਲ ‘ਤੇ ਹੀ ਰਹਿ ਗਈ ਹੈ ਇੱਕ ਲੋਕ ਸਭਾ ਚੋਣਾਂ ਅਤੇ ਸਟੇਟ ਚੋਣਾਂ ਬਾਕੀ ਕੁੱਝ ਨਹੀਂ।

ਬਾਦਲ ਪੁਲਿਸ ਥਾਣੇ ਵਿੱਚ ਚੰਡੀਗੜ੍ਹ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਹੋਰ ਨੇਤਾਵਾਂ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲਣ ਆਏ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ  ਸਿੰਘ ਮਜੀਠੀਆ ਦੀ ਅਗਵਾਈ ਵਿਚ ਅਕਾਲੀ ਦਲ ਵੱਲੋਂ ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਪੁਲਿਸ ਅਤੇ ਅਕਾਲੀ ਆਗੂਆਂ ਵਿਚਕਾਰ ਧੱਕਾ-ਮੁੱਕੀ ਵੀ ਹੋਈ।

ਪ੍ਰਦਰਸ਼ਨ ਦੌਰਾਨ ਪੁਲਿਸ ਨੇ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਦਲ ਦੇ ਵਿਧਾਇਕਾਂ ਸ਼ਰਨਜੀਤ ਸਿੰਘ ਢਿੱਲੋਂ , ਪਵਨ ਟੀਨੂੰ, ਐੱਨ ਕੇ ਸ਼ਰਮਾ ਅਤੇ ਹੋਰਨਾਂ  ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਬਾਅਦ  ਅਕਾਲੀਆਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਘੇਰਨ ਦੀ ਸਦਨ ਅੰਦਰ ਸਖ਼ਤ ਨਿੰਦਾ ਕੀਤੀ ਗਈ। ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਕਾਂਗਰਸ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਅਕਾਲੀ ਦਲ ਅਤੇ ਉਨ੍ਹਾਂ ਨਾਲ 50-60 ਬੰਦਿਆਂ ਵੱਲੋਂ ਵਿੱਤ ਮੰਤਰੀ ਦਾ ਘਿਰਾਓ ਕਰਕੇ ਵਿੱਤ ਮੰਤਰੀ ਨਿਰਧਾਰਤ ਸਮੇਂ ਤੇ 11 ਵਜੇ ਸਦਨ ਵਿਚ ਪਹੁੰਚ ਨਹੀਂ ਸਕੇ।

ਜਿਸ ਕਾਰਨ ਵਿੱਤ ਮੰਤਰੀ ਨੂੰ ਬਜਟ ਪੇਸ਼ ਕਰਨ ਤੋਂ ਰੋਕਿਆ ਗਿਆ ਅਤੇ ਸਦਨ ਦੀ ਕਾਰਵਾਈ 20 ਮਿੰਟ ਮੁਲਤਵੀ ਕਰਨੀ ਪਈ। ਸਪੀਕਰ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਰਤਾਓ ਕਰਕੇ ਵਿੱਤ ਮੰਤਰੀ ਦੇ ਕੰਮ ਵਿਚ ਵਿਘਨ ਪਾਇਆ ਗਿਆ ਹੈ। ਇਸ ਲਈ ਇਹ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪਿਆ ਜਾਵੇ। ਬ੍ਰਹਮ ਮੋਹਿੰਦਰਾ ਵੱਲੋਂ ਅਕਾਲੀ ਦਲ ਵਿਰੁੱਧ ਪ੍ਰਸਤਾਵ ਪੇਸ਼ ਕੀਤਾ, ਜੋ ਕਿ ਸਰਬ ਸੰਮਤੀ ਨਾਲ ਪਾਸ ਹੋਇਆ।