ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਲੋਕ ਨਹੀਂ ਪਾਉਣਗੇ ਵੋਟਾਂ: ਘੁਬਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਲੋਕ ਦੱਸਣਗੇ ਕੌਣ ਸਹੀ ਹੈ ਤੇ ਕੌਣ ਗਲਤ

Sher Singh Ghubaya

ਚੰਡੀਗੜ੍ਹ: ਪੰਜਾਬ ਵਿਚ ਚੋਣਾਂ ਨੂੰ ਲੈ ਕੇ ਮਾਹੌਲ ਸਿਰਜ ਚੁੱਕਿਆ ਹੈ ਤੇ ਉਮੀਦਵਾਰਾਂ ਵਲੋਂ ਚੋਣਾਂ ਜਿੱਤਣ ਲਈ ਚੋਟੀ ਤੱਕ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਕਾਂਗਰਸ ਵਲੋਂ ਫਿਰੋਜ਼ਪੁਰ ਲੋਕਸਭਾ ਹਲਕੇ ਤੋਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਜ ਯਾਨੀ ਐਤਵਾਰ ਅਪਣੇ ਹਲਕੇ ਦੇ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਲੋਕਾਂ ਵਿਚ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ। ਲੋਕ ਸਿਰਫ਼ ਇਕੋ ਗੱਲ ਚਾਹੁੰਦੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਿਲਕੁਲ ਵੋਟ ਨਾ ਪਾਈ ਜਾਵੇ।

ਘੁਬਾਇਆ ਨੇ ਸੁਖਬੀਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਿਹੜੇ ਲੀਡਰ ਰੌਲਾ ਪਾ ਰਹੇ ਹਨ ਕਿ ਸਾਡੇ ਨਾਲ ਪੰਜਾਬ ਦੇ ਵਧੇਰੇ ਲੋਕ ਖੜ੍ਹੇ ਹਨ, ਇਸ ਸਭ ਦਾ ਪਤਾ ਆਉਣ ਵਾਲੀ 19 ਤੇ 23 ਤਰੀਕ ਨੂੰ ਪਤਾ ਲੱਗ ਜਾਵੇਗਾ। ਸੁਖਬੀਰ ਬਾਦਲ ਵਲੋਂ ਨਾਮਜ਼ਦਗੀ ਪੱਤਰ ਭਰ ਦਿਤੇ ਜਾਣ ’ਤੇ ਘੁਬਾਇਆ ਨੇ ਕਿਹਾ ਕਿ ਬਹੁਤ ਵਧੀਆ ਗੱਲ ਹੈ ਪਰ ਲੋਕ ਆਪੇ ਦੱਸ ਦੇਣਗੇ ਕਿ ਕੌਣ ਸਹੀ ਹੈ ਤੇ ਕੌਣ ਗਲਤ।

ਸੁਖਬੀਰ ਵਲੋਂ ਘੁਬਾਇਆ ਨੂੰ ‘ਆਲ ਦੀ ਬੈਸਟ’ ਕਹੇ ਜਾਣ ’ਤੇ ਘੁਬਾਇਆ ਨੇ ਕਿਹਾ ਕਿ ਸੁਖਬੀਰ ਨੂੰ ਪਤਾ ਹੈ ਕਿ ਜਿੱਤਣਾ ਸ਼ੇਰ ਸਿੰਘ ਨੇ ਹੀ ਹੈ ਇਸ ਕਰਕੇ ਉਹ ਇਹ ਸਭ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਕੋਲ ਤਾਂ ਫਿਰੋਜ਼ਪੁਰ ਲਈ ਕੋਈ ਉਮੀਦਵਾਰ ਹੀ ਨਹੀਂ ਸੀ ਜੇ ਹੁੰਦਾ ਵੀ ਤਾਂ ਕਿਸੇ ਨੇ ਇੱਥੋਂ ਚੋਣ ਲੜਨ ਲਈ ਨਾਮਜ਼ਦਗੀ ਫਾਰਮ ਹੀ ਨਹੀਂ ਭਰਨਾ ਸੀ, ਇਸ ਕਰਕੇ ਸੁਖਬੀਰ ਖ਼ੁਦ ਆਇਆ ਹੈ ਮੈਦਾਨ ਵਿਚ।

ਘੁਬਾਇਆ ਨੇ ਕਿਹਾ ਕਿ ਉਹ ਅਪਣਾ ਨਾਮਜ਼ਦਗੀ ਪੱਤਰ ਭਲਕੇ ਯਾਨੀ 29 ਤਰੀਕ ਨੂੰ ਸਵੇਰੇ 10 ਵਜੇ ਭਰਨ ਜਾ ਰਹੇ ਹਨ ਤੇ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਦੀ ਕਾਂਗਰਸ ਲੀਡਰਸ਼ਿਪ ਮੌਜੂਦ ਰਹੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਪਾਰਟੀ ਵਿਚ ਕੋਈ ਨਰਾਜ਼ਗੀ ਨਹੀਂ ਰਹੀ, ਜੇ ਕੋਈ ਥੋੜੀ ਬਹੁਤ ਸੀ ਤਾਂ ਉਹ ਵੀ ਖ਼ਤਮ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਕੱਲ੍ਹ ਖ਼ੁਦ ਆਉਣਗੇ ਤੇ ਮੀਟਿੰਗ ਕਰਨਗੇ ਤੇ ਨਾਲ ਹੀ ਦਿਸ਼ਾ ਨਿਰਦੇਸ਼ ਦੇ ਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਬਹੁਤ ਵੱਡੇ ਫ਼ਰਕ ਨਾਲ ਚੋਣ ਜਿੱਤੀ ਜਾਵੇਗੀ।