ਸੰਨੀ ਦਿਓਲ ਨੂੰ ਚੋਣ ਲੜਾਉਣਾ ਮੋਦੀ ਦੀ ਬਹੁਤ ਵੱਡੀ ਸਾਜ਼ਿਸ਼: ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਗੁੰਮਰਾਹ ਕਰਨ ਲਈ ਮੋਦੀ ਮਦਾਰੀ ਦੀ ਚਾਲ ਚੱਲਦਾ ਸੰਨੀ ਦਿਓਲ ਨੂੰ ਚੋਣਾਂ ’ਚ ਲਿਆਇਆ

Sunil Jakhar

ਚੰਡੀਗੜ੍ਹ: ਭਾਜਪਾ ਦੇ ਉਮੀਦਵਾਰ ਅਦਾਕਾਰ ਸੰਨੀ ਦਿਓਲ ਦੇ ਵਿਰੁਧ ਪ੍ਰਚਾਰ ਲਈ ਕਾਂਗਰਸ ਕਿਸੇ ਵੀ ਫ਼ਿਲਮੀ ਸਟਾਰ ਨੂੰ ਨਹੀਂ ਲੈ ਕੇ ਆਵੇਗੀ ਅਤੇ ਪੰਜਾਬ ਦੀਆਂ ਸਮੱਸਿਆ ਅਤੇ ਅਪਣੀ ਪੰਜਾਬ ਰਾਜ ਦੀ ਸਰਕਾਰ ਦੇ ਕੀਤੇ ਕੰਮਾਂ ਸਦਕਾ ਹੀ ਲੋਕਾਂ 'ਚ ਪ੍ਰਚਾਰ ਕਰੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਕੀਤਾ। ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਵਿਚ ਲੋਕਾਂ ਨੂੰ ਸੰਬੋਧਨ ਕਰਨ ਪਹੁੰਚੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਕਿ ਸੰਨੀ ਦਿਓਲ ਕਿਸ ਮਜ਼ਬੂਰੀ ਵਿਚ ਚੋਣ ਲੜਨ ਆਏ ਹਨ।

ਇਹ ਤਾਂ ਸੰਨੀ ਦਿਓਲ ਖ਼ੁਦ ਹੀ ਜਾਣਦੇ ਹਨ ਪਰ ਇਹ ਸਾਫ਼ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਕ ਮਦਾਰੀ ਦੀ ਤਰ੍ਹਾਂ ਚਾਲ ਚਲਦਾ ਹੋਇਆ ਸਨੀ ਦਿਓਲ ਨੂੰ ਚੋਣ ਮੈਦਾਨ ਵਿਚ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਬਹੁਤ ਵੱਡੀ ਸਾਜ਼ਿਸ਼ ਰਚੀ ਹੈ। ਮੋਦੀ ਨੂੰ ਜਵਾਬ ਦੇਣੇ ਔਖੇ ਹੋ ਜਾਣੇ ਸੀ ਜਿਸ ਕਰਕੇ ਉਸ ਨੇ ਸੰਨੀ ਦਿਓਲ ਨੂੰ ਲਿਆਉਣ ਦੀ ਚਾਲ ਚੱਲੀ ਹੈ ਕਿਉਂਕਿ ਸੰਨੀ ਦਿਓਲ ਨੂੰ ਕੋਈ ਕੀ ਪੁੱਛੇਗਾ। ਜੇਕਰ ਕੋਈ 2 ਕਰੋੜ ਨੌਕਰੀਆਂ ਦੀ ਗੱਲ ਕਰੇਗਾ ਤਾਂ ਸੰਨੀ ਦਿਓਲ ਕਹਿਣਗੇ ਕਿ ਮੈਨੂੰ ਤਾਂ ਪਤਾ ਨਹੀਂ ਮੇਰੇ ਨਾਲ ਤਾਂ ਫ਼ਿਲਮਾਂ ਦੀ ਗੱਲ ਕਰੋ।

ਉਨ੍ਹਾਂ ਕਿਹਾ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਲੋਕ ਸਮਝਦਾਰ ਹਨ ਤੇ ਉਨ੍ਹਾਂ ਨੂੰ ਅਪਣੇ ਨਫ਼ੇ ਜਾਂ ਨੁਕਸਾਨ ਬਾਰੇ ਪੂਰੀ ਸਮਝ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਭਗਵਾਨ ਰਾਮ ਦਾ ਨਾਮ ਵੇਚ ਕੇ ਖਾਈ ਜਾਂਦੇ ਹਨ ਤੇ ਅਕਾਲੀ ਪੰਥ ਦਾ ਨਾਮ ਵਰਤ ਕੇ ਖਾਈ ਜਾਂਦੇ ਹਨ। ਦੋਵੇਂ ਹੀ ਇਕੋ ਜਿਹੇ ਹਨ। ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਭਗਵੰਤ ਮਾਨ 'ਤੇ ਵੀ ਜੱਮ ਕੇ ਸ਼ਬਦੀ ਵਾਰ ਕੀਤੇ।

ਭਗਵੰਤ ਮਾਨ ਵਲੋਂ ਕਾਂਗਰਸ ’ਤੇ ‘ਆਪ’ ਵਿਧਾਇਕ ਖ਼ਰੀਦਣ ਦੇ ਇਲਜ਼ਾਮ ’ਤੇ ਜਾਖੜ ਨੇ ਕਿਹਾ ਕਿ ਮੇਰੀ ਇਕੋ ਬੇਨਤੀ ਹੈ ਕਿ ਪਹਿਲਾਂ ‘ਆਪ’ ਵਾਲੇ ਅਪਣਾ ਘਰ ਸੰਭਾਲਣ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਨੇ ਖ਼ੁਦ ਛੋਟੇਪੁਰ ਸਾਬ੍ਹ ਨੂੰ ਕੱਢਿਆ ਫਿਰ ਸੁਖਪਾਲ ਖਹਿਰਾ, ਕੰਵਰ ਸੰਧੂ ਤੇ ਹੋਰ ਕਈ ਪੜ੍ਹੇ-ਲਿਖੇ ਲੀਡਰ ਪਾਰਟੀ ਛੱਡ ਕੇ ਚਲੇ ਗਏ ਤੇ ਹੁਣ ਭਗਵੰਤ ਮਾਨ ਕਿਹੜੀ ਪਾਰਟੀ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚੋਂ ਵਜੂਦ ਖ਼ਤਮ ਹੋ ਚੁੱਕਿਆ ਹੈ।  

ਇਸ ਦੌਰਾਨ ਜਾਖੜ ਨੇ ਕਿਹਾ ਕਿ ਹੁਣ ਚੋਣਾਂ ਵਿਚ ਅਸੀਂ ਅਪਣੇ ਕੀਤੇ ਕੰਮਾਂ ਦੇ ਸਹਾਰੇ ਲੋਕਾਂ ਕੋਲੋਂ ਵੋਟ ਮੰਗਾਂਗੇ। ਅਸੀਂ ਲੋਕਾਂ ਦੇ ਕੰਮ ਕੀਤੇ ਹਨ, ਕਰਜ਼ੇ ਮਾਫ਼ ਕੀਤੇ ਹਨ, ਅਮਨ-ਸ਼ਾਂਤੀ ਬਹਾਲ ਕੀਤੀ ਹੈ, ਬੇਅਦਬੀ ਕਾਂਡ ਦੇ ਦੋਸ਼ੀਆਂ ’ਤੇ ਸ਼ਿੰਕਜਾ ਕੱਸਿਆ ਹੈ, ਇਹ ਸਾਰੀਆਂ ਗੱਲਾਂ ਨੂੰ ਅਸੀਂ ਲੋਕਾਂ ਕੋਲ ਲੈ ਕੇ ਜਾਵਾਂਗੇ ਤੇ ਬਾਕੀ ਅੱਗੇ ਲੋਕਾਂ ਦਾ ਫ਼ੈਸਲਾ ਹੋਵੇਗਾ।