ਲੋਕ ਫ਼ਿਲਮੀ ਸਿਤਾਰਿਆਂ ਦੇ ਚਿਹਰੇ ਵੇਖ ਕੇ ਵੋਟ ਨਹੀਂ ਪਾਉਂਦੇ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਕੀ ਸੰਨੀ ਦਿਓਲ, ਮੋਦੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਨੋਟਬੰਦੀ ਤੇ ਜੀਐਸਟੀ ਕਾਰਨ ਕਿਸਾਨਾਂ, ਵਪਾਰੀਆਂ, ਉਦਮੀਆਂ ਨੂੰ ਪਹੁੰਚੇ ਨੁਕਸਾਨ ਬਾਰੇ ਹਿਸਾਬ ਮੰਗ ਸਕਣਗੇ?

Sunil Jakhar

ਜਲੰਧਰ : ਭਾਜਪਾ ਵਲੋਂ ਫ਼ਿਲਮ ਅਦਾਕਾਰ ਸੰਨੀ ਦਿਓਲ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੇ ਗੁਰਦਾਸਪੁਰ ਤੋਂ ਚੋਣ ਮੈਦਾਨ ਵਿਚ ਉਤਾਰਨ ’ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੰਨੀ ਦਿਓਲ ਕਹਿ ਰਹੇ ਹਨ ਕਿ ਉਨ੍ਹਾਂ ਨਰਿੰਦਰ ਮੋਦੀ ਨੂੰ ਕੇਂਦਰ ਵਿਚ 5 ਸਾਲ ਹੋਰ ਦੇਣ ਦੇ ਇਰਾਦੇ ਨਾਲ ਭਾਜਪਾ ਜੁਆਇਨ ਕੀਤੀ ਹੈ ਪਰ ਕੀ ਸੰਨੀ ਦਿਓਲ ’ਚ ਇੰਨੀ ਹਿੰਮਤ ਹੈ ਕਿ ਉਹ ਮੋਦੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਨੋਟਬੰਦੀ ਤੇ ਜੀਐਸਟੀ ਕਾਰਨ ਕਿਸਾਨਾਂ, ਵਪਾਰੀਆਂ, ਉਦਮੀਆਂ ਨੂੰ ਪਹੁੰਚੇ ਨੁਕਸਾਨ ਬਾਰੇ ਹਿਸਾਬ ਮੰਗ ਸਕਣ।

ਉਨ੍ਹਾਂ ਕਿਹਾ ਕਿ ਹੁਣ ਲੋਕਾਂ ਵਿਚ ਜਾਗਰੂਕਤਾ ਆ ਚੁੱਕੀ ਹੈ। ਲੋਕ ਫ਼ਿਲਮੀ ਸਿਤਾਰਿਆਂ ਦੇ ਚਿਹਰੇ ਵੇਖ ਕੇ ਵੋਟ ਨਹੀਂ ਪਾਉਂਦੇ। ਫ਼ਿਲਮੀ ਸਿਤਾਰਿਆਂ ਦਾ ਕੰਮ ਫ਼ਿਲਮਾਂ ਵਿਚ ਅਦਾਕਾਰੀ ਕਰਨਾ ਹੈ ਤੇ ਲੋਕਾਂ ਦਾ ਮੰਨੋਰੰਜਨ ਕਰਨਾ ਹੈ ਤੇ ਇਸ ਮਨੋਰੰਜਨ ਲਈ ਲੋਕਾਂ ਕੋਲੋਂ ਟਿਕਟ ਦੇ ਪੈਸੇ ਵਸੂਲੇ ਜਾਂਦੇ ਹਨ। ਅਜਿਹੇ ਫ਼ਿਲਮੀ ਸਿਤਾਰਿਆਂ ਤੋਂ ਲੋਕ ਕੀ ਉਮੀਦ ਕਰ ਸਕਦੇ ਹਨ? ਇਸ ਦੌਰਾਨ ਜਾਖੜ ਨੇ ਕਿਹਾ ਕਿ ਗੁਰਦਾਸਪੁਰ ਵਿਚ ਸਥਾਨਕ ਪੱਧਰ ’ਤੇ ਕੋਈ ਵੀ ਨੇਤਾ ਨਹੀਂ ਮਿਲ ਰਿਹਾ ਸੀ। ਅਜਿਹੀ ਹੀ ਹਾਲਤ ਅੰਮ੍ਰਿਤਸਰ ਵਿਚ ਵੀ ਬਣੀ ਹੋਈ ਸੀ।

ਦੋਵਾਂ ਥਾਵਾਂ ਤੋਂ ਪੰਜਾਬ ਤੋਂ ਬਾਹਰ ਦੇ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਗੁਰਦਾਸਪੁਰ ਦੇ ਲੋਕ ਫ਼ਿਲਮੀ ਅਦਾਕਾਰ ਤੋਂ ਇਹ ਸਵਾਲ ਪੁੱਛਣਗੇ ਕਿ ਪਿਛਲੇ 5 ਸਾਲਾਂ ਦੇ ਕਾਰਜਕਾਲ ਦੌਰਾਨ ਮੋਦੀ ਨੇ ਅਪਣੇ ਚੋਣ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਸਵਾਲ ਸੰਨੀ ਦਿਓਲ ਦੇ ਸਕਣਗੇ। ਜਾਖੜ ਨੇ ਕਿਹਾ ਕਿ ਗੁਰਦਾਸਪੁਰ ਨੂੰ ਕੋਈ ਵੀ ਯੋਗ ਤੇ ਸਥਾਨਕ ਨੇਤਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਰਦਾਸਪੁਰ ਦੇ ਲੋਕਾਂ ਨੂੰ ਅਪਣੇ ਕੰਮ ਕਰਵਾਉਣੇ ਹੋਣਗੇ ਤਾਂ ਕੀ ਉਹ ਮੁੰਬਈ ਜਾਇਆ ਕਰਨਗੇ? ਕੀ ਸੰਨੀ ਦਿਓਲ ਦੱਸਣਗੇ ਕਿ ਆਮ ਲੋਕ ਉਨ੍ਹਾਂ ਨਾਲ ਕਿਸ ਸਥਾਨ ’ਤੇ ਮੁਲਾਕਾਤ ਕਰਕੇ ਅਪਣੇ ਮਸਲਿਆਂ ਜਾਂ ਵਿਕਾਸ ਬਾਰੇ ਗੱਲਬਾਤ ਕਰ ਸਕਣਗੇ?