ਕਪਾਹ ਦੇ ਕਿਸਾਨਾਂ ਲਈ ਫਾਇਦੇਮੰਦ ਹੋਵੇਗੀ ਡ੍ਰਿੱਪ ਸਿੰਜਾਈ ਤਕਨੀਕ ਦੀ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਕਿਸਾਨਾਂ ਨੂੰ ਕੁੱਲ ਲਾਗਤ ‘ਤੇ 80 ਫੀਸਦੀ ਦੀ ਸਬਸਿਡੀ ਪ੍ਰਦਾਨ ਕਰਕੇ ਕਪਾਹ ਦੀ ਫਸਲ ‘ਤੇ ਡ੍ਰਿੱਪ ਸਿੰਜਾਈ ਤਕਨੀਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।

Drip Irrigation

ਚੰਡੀਗੜ੍ਹ: ਪੰਜਾਬ ਸਰਕਾਰ ਕਿਸਾਨਾਂ ਨੂੰ ਕੁੱਲ ਲਾਗਤ ‘ਤੇ 80 ਫੀਸਦੀ ਦੀ ਸਬਸਿਡੀ ਪ੍ਰਦਾਨ ਕਰਕੇ ਕਪਾਹ ਦੀ ਫਸਲ ‘ਤੇ ਡ੍ਰਿੱਪ ਸਿੰਜਾਈ ਤਕਨੀਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਇਹ ਗਰਮੀ ਦੇ ਮੌਸਮ ਵਿਚ ਬਿਜਲੀ ਦੀ ਕਮੀ ਨੂੰ ਦੂਰ ਕਰਨ ਅਤੇ ਲਗਾਤਾਰ ਘਟ ਰਹੇ ਧਰਤੀ ਹੇਠਲੇ ਪਾਣੀ ਦੇ ਸਾਧਨਾਂ ਨੂੰ ਰਿਜ਼ਰਵ ਕਰਨ ਲਈ ਕੀਤਾ ਜਾ ਰਿਹਾ ਹੈ।  ਖੇਤੀਬਾੜੀ ਵਿਭਾਗ ਦੇ ਸਕੱਤਰ ਕਾਨ੍ਹ ਸਿੰਘ ਪੰਨੂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਸ਼ੁਰੂਆਤ ਵਿਚ ਇਕ ਪ੍ਰੋਜੈਕਟ ਦੇ ਤਹਿਤ 200 ਏਕੜ ਜ਼ਮੀਨ ਦਾ ਟੀਚਾ ਤੈਅ ਕੀਤਾ ਗਿਆ ਸੀ ਪਰ ਇਸ ਯੋਜਨਾ ਨੂੰ ਆਉਣ ਵਾਲੇ ਸਾਲਾਂ ਵਿਚ ਵਧਾਇਆ ਜਾ ਰਿਹਾ ਹੈ। 

ਡ੍ਰਿੱਪ ਸਿੰਜਾਈ ਸਿਸਟਮ ਫਸਲ ਦੀ ਖੇਤੀ ਲਈ ਉਸ ਸਮੇਂ ਢੁੱਕਵਾਂ ਹੈ ਜਦੋਂ ਸਿੰਜਾਈ ਦਾ ਪਾਣੀ ਜਾਂ ਬਾਰਿਸ਼ ਦਾ ਪਾਣੀ ਰਵਾਇਤੀ ਖੇਤੀ ਲਈ ਘੱਟ ਹੁੰਦਾ ਹੈ। ਇਹ ਤਕਨੀਕ ਹਾਲੇ ਤੱਕ ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਹੋਰ ਕਪਾਹ ਉਗਾਉਣ ਵਾਲੇ ਜ਼ਿਲ੍ਹਿਆਂ ਦੇ ਕਈ ਕਿਸਾਨਾਂ ਵੱਲੋਂ ਅਪਣਾਈ ਗਈ ਹੈ। ਪੰਜਾਬ ਦੇ ਮਾਲਵਾ ਖੇਤਰ ਦੇ ਅੱਠ ਜ਼ਿਲ੍ਹਿਆਂ ਵਿਚ ਕਪਾਹ ਦੀ ਖੇਤੀ ਲਈ 3.45 ਲੱਖ ਹੈਕਟੇਅਰ ਦੇ ਨਿਸ਼ਾਨੇ ਨੂੰ ਪਾਰ ਕਰ ਲਿਆ ਗਿਆ ਹੈ। ਆਉਣ ਵਾਲੇ ਕੁੱਝ ਦਿਨਾਂ ਵਿਚ ਇਸਦੇ 4 ਲੱਖ ਹੈਕਟੇਅਰ ਨੂੰ ਪਾਰ ਕਰ ਜਾਣ ਦੀ ਸੰਭਾਵਨਾ ਹੈ ਪਰ ਕਈ ਕਿਸਾਨ ਡ੍ਰਿੱਪ ਸਿੰਜਾਈ ਸਿਸਟਮ ਦੀ ਵਰਤੋਂ ਪ੍ਰਤੀ ਘੱਟ ਸੁਚੇਤ ਹਨ।

ਕਾਨ੍ਹ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਕਪਾਹ ਦੀ ਖੇਤੀ ਕਰਨ ਵਾਲੇ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਹਰੇਕ ਮਦਦ ਦਿੱਤੀ ਜਾਵੇ।  ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਏਰੀ ਅਤੇ ਜੁਆਇੰਟ ਡਾਇਰੈਕਟਰ ਪਰਮਿੰਦਰ ਸਿੰਘ ਨੇ ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹੇ ਵਿਚ ਕਪਾਹ ਦੀ ਸਮੀਖਿਆ ਕੀਤੀ।

 ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਮਕਸਦ ਡ੍ਰਿੱਪ ਸਿੰਜਾਈ ਸਿਸਟਮ ਦੀ ਵਰਤੋਂ ਅਧੀਨ ਵੱਧ ਤੋਂ ਵੱਧ ਜ਼ਮੀਨ ਨੂੰ  ਲੈ ਕੇ ਆਉਣਾ ਹੈ ਅਤੇ ਪਾਣੀ ਦੇ ਸਰੋਤਾਂ ਦੀ ਘੱਟ ਵਰਤੋਂ ਕਰਕੇ ਕਿਸਾਨਾਂ ਨੂੰ ਚੰਗੀ ਉਪਜ ਦੇਣਾ ਹੈ। ਉਹਨਾਂ ਕਿਹਾ ਕਿ ਕਈ ਸੂਬਿਆਂ ਵਿਚ ਕੀਤੇ ਗਏ ਪ੍ਰਯੋਗ ਨਾਲ ਪਤਾ ਚਲਦਾ ਹੈ ਕਿ ਡ੍ਰਿੱਪ ਸਿੰਜਾਈ ਨਾਲ ਖਾਦਾਂ ਅਤੇ ਕੀਟਨਾਸ਼ਕਾਂ ‘ਤੇ ਖਰਚੇ ਨੂੰ ਘੱਟ ਕਰਨ ਅਤੇ ਵੱਖ ਵੱਖ ਫਸਲਾਂ ਵਿਚ 10 ਤੋਂ 20 ਫੀਸਦੀ ਤੱਕ ਦੇ ਉਤਪਾਦ ਵਿਚ ਸੁਧਾਰ ਕਰਨ ‘ਚ ਮਦਦ ਮਿਲਦੀ ਹੈ।