ਅੰਮ੍ਰਿਤਸਰ ਦੇ ਪਿੰਡ ਮਾਹਲਾ 'ਚ ਦੋ ਗੁੱਟਾਂ ਵਿਚਕਾਰ ਫਾਈਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਹਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਰਾਤ ਨੂੰ ਸਵਾ 8 ਵਜੇ ਦੇ ਕਰੀਬ ਅਚਾਨਕ ਚੌਰਾਹੇ ਦੇ ਵਿਚਕਾਰ ਗੋਲੀਆਂ ਚੱਲਣ ਲੱਗੀਆਂ

Firing at Amritsar

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਹਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਰਾਤ ਨੂੰ ਸਵਾ 8 ਵਜੇ ਦੇ ਕਰੀਬ ਅਚਾਨਕ ਚੌਰਾਹੇ ਦੇ ਵਿਚਕਾਰ ਗੋਲੀਆਂ ਚੱਲਣ ਲੱਗੀਆਂ। ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਗੋਲੀਆਂ ਕਿਉਂ ਚੱਲ ਰਹੀਆਂ ਹਨ, ਕੋਈ ਗੈਂਗਵਾਰ ਹੈ ਜਾਂ ਫਿਰ ਕੋਈ ਅਤਿਵਾਦੀ ਹਮਲਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਗੁੱਟਾਂ ਵਿਟ ਆਪਸੀ ਝਗੜਾ ਹੋ ਗਿਆ ਸੀ ਜਿਸ ਵਿਚ ਲਗਾਤਾਰ ਫਾਈਰਿੰਗ ਕੀਤੀ ਗਈ।

ਇਸ ਨਾਲ ਰਾਹ ਜਾਂਦੇ ਲੋਕ ਵੀ ਗੋਲੀਆਂ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਕ ਰਾਹਗੀਰ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਕੇ ਅਪਣੀ ਐਕਟਿਵਾ 'ਤੇ ਹਾਲੇ ਬੈਠਾ ਹੀ ਸੀ ਕਿ ਅਚਾਨਕ ਪਿੱਛੇ ਤੋਂ ਆ ਕੇ ਉਸ ਦੇ ਗੋਲੀ ਲੱਗੀ। ਇਸੇ ਤਰ੍ਹਾਂ ਇਕ ਹੋਰ ਰਾਹਗੀਰ ਵਿਅਕਤੀ ਵੀ ਇਨ੍ਹਾਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਸੀ। ਜਿਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਕੁੱਝ ਹੋਰ ਲੋਕਾਂ ਨੂੰ ਵੀ ਗੋਲੀਆਂ ਦੇ ਛਰ੍ਹੇ ਲੱਗੇ ਹਨ।

ਗੋਲੀਬਾਰੀ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਪਰ ਪੁਲਿਸ ਦੇ ਪਹੁੰਚਣ ਤਕ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਪੁਲਿਸ ਮੁਤਾਬਕ ਉਨ੍ਹਾਂ ਨੂੰ ਘਟਨਾ ਸਥਾਨ ਤੋਂ 7 ਗੋਲੀਆਂ ਦੇ ਖੋਲ ਮਿਲੇ ਹਨ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੋਲੀਬਾਰੀ ਦੀ ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।