ਮੁੱਖ ਸਕੱਤਰ ਕਰਨ ਅਵਤਾਰ ਨੇ ਪੂਰੇ ਮੰਤਰੀ ਮੰਡਲ ਤੋਂ ਮੰਗੀ ਮਾਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀਆਂ ਤੇ ਮੁੱਖ ਸਕੱਤਰ ਦਾ ਵਿਵਾਦ ਸੁਲਝਿਆ

File Photo

ਚੰਡੀਗੜ੍ਹ : ਆਬਕਾਰੀ ਨੀਤੀ ਬਾਰੇ ਪ੍ਰੀ ਕੈਬਨਿਟ ਮੀਟਿੰਗ ਦੌਰਾਨ ਪੰਜਾਬ ਦੇ ਮੰਤਰੀਆਂ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਕਾਰ ਪੈਦਾ ਹੋਇਆ ਵਿਵਾਦ ਆਖਿਰ ਅੱਜ 19 ਦਿਨਾਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਖ਼ਲ ਨਾਲ ਸੁਲਝ ਗਿਆ ਹੈ। ਅੱਜ ਮੰਤਰੀ ਮੰਡਲ ਦੀ ਮੀਟਿੰਗ ਪੰਜਾਬ ਸਕੱਤਰੇਤ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਸ਼ੁਰੂ ਹੁੰਦਿਆਂ ਹੀ ਸਭ ਤੋਂ ਪਹਿਲਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ 9 ਮਈ ਦੀ ਪ੍ਰੀ ਕੈਬਨਿਟ ਮੀਟਿੰਗ ਦੌਰਾਨ ਕੁੱਝ ਮੰਤਰੀਆਂ ਨਾਲ ਕੀਤੀ ਬਦਸਲੂਕੀ ਲਈ ਪੂਰੇ ਮੰਤਰੀ ਮੰਡਲ ਤੋਂ ਮਾਫ਼ੀ ਮੰਗੀ ਅਤੇ ਅੱਗੇ ਤੋਂ ਅਜਿਹੀ ਕੋਈ ਸ਼ਿਕਾਇਤ ਨਾ ਆਉਣ ਦਾ ਵੀ ਭਰੋਸਾ ਦਿਤਾ। ਇਸ ਦੀ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨੇ ਵੀ ਖੁਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੁਸ਼ਟੀ ਕੀਤੀ।

ਉਨ੍ਹਾਂ ਦਸਿਆ ਕਿ ਮੰਤਰੀ ਮੰਡਲ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ ਅਤੇ ਆਪਣਾ ਮੁੱਖ ਸਕੱਤਰ ਨਾਲ ਨਾ ਬੈਠਣ ਦਾ ਫ਼ੈਸਲਾ ਖ਼ਤਮ ਕਰਦਿਆਂ ਅੱਜ ਮੰਤਰੀ ਮੰਡਲ 'ਚ ਸਾਰੇ ਮੰਤਰੀਆਂ ਨੇ ਕਰਨ ਅਵਤਰ ਦੀ ਮਾਫ਼ੀ ਬਾਅਦ ਹਿੱਸਾ ਲਿਆ। ਇਸ ਮਾਮਲੇ ਨੂੰ ਸੁਲਝਾਉਣ 'ਚ ਮੁੱਖ ਮੰਤਰੀ ਦਾ ਵੀ ਵੱਡਾ ਰੋਲ ਰਿਹਾ ਜਿਨ੍ਹਾਂ ਨੇ ਲੰਚ ਡਿਪਲੋਮੈਸੀ ਦਾ ਰਸਤਾ ਅਪਣਾ ਕੇ ਨਾਰਾਜ਼ ਮੰਤਰੀਆਂ ਨੂੰ ਮੁੱਖ ਸਕੱਤਰ ਨਾਲ ਸੁਲਹਾ ਕਰਵਾਈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੰਤਰੀ ਮੰਡਲ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਸਕੱਤਰੇਤ ਦੇ ਬਾਹੇ ਪੱਤਰਕਾਰਾਂ ਨਾਲ ਗੱਲਾਬਤ ਕਰਦਿਆਂ ਇਹ ਖੁਲਾਸਾ ਕੀਤਾ ਕਿ ਮੁੱਖ ਸਕੱਤਰ ਨੇ ਤੀਜੀ ਵਾਰ ਮਾਫ਼ੀ ਮੰਗੀ ਹੈ। ਪਹਿਲੀ ਵਾਰ ਮੇਰੇ ਕੋਲੋਂ 9 ਮਈ ਨੂੰ ਉਸੇ ਦਿਨ ਮਾਫ਼ੀ ਮੰਗੀ ਸੀ ਜਿਸ ਦਿਨ ਪ੍ਰੀ ਕੈਬਨਿਟ ਮੀਟਿੰਗ ਵਿਚ ਵਿਵਾਧ ਹੋਇਆ ਸੀ। ਉਸ ਤੋਂ ਬਾਅਦ ਮੇਰੇ ਪਿਤਾ ਦੇ ਭੋਗ ਸਮੇਂ ਬਾਦਲ ਪਿੰਡ ਪਹੁੰਚ ਕੇ ਫਿਰ ਮਾਫ਼ੀ ਮੰਗੀ ਤੇ ਅੱਜ ਤੀਜੀ ਵਾਰ ਹੋਏ ਵਿਵਾਦ ਬਾਰੇ ਮਾਫ਼ੀ ਮੰਗੀ ਹੈ।

ਉਨ੍ਹਾਂ ਕਿਹਾ ਕਿ ਆਸੀ ਕੋਈ ਫਰਿਸ਼ਤੇ ਤਾਂ ਨਹੀਂ ਅਤੇ ਇਨਸਨਾ ਹਾਂ। ਇਨਸਾਨਾਂ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ। ਜੇ ਤਿੰਨ ਵਾਰ ਮਾਫ਼ੀ ਮੰਗਣ ਬਾਅਦ ਵੀ ਨਾ ਮੰਨੀਏ ਤਾਂ ਇਹ ਸਾਡਾ ਹੰਕਾਰ ਹੋਏਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਜਿੱਤ ਹੋਈ ਹੈ ਅਤੇ ਇਹ ਗੱਲ ਵੀ ਮਾਫ਼ੀ ਨਾਲ ਸਾਬਤ ਹੋਈ ਕਿ ਲੋਕਾਂ ਦੇ ਚੂਣੇ ਨੁੰਮਾਇੰਦੇ ਅਫ਼ਸਰਸ਼ਾਹੀ ਤੋਂ ਉਪਰ ਹੁੰਦੇ ਹਨ।

ਮੁੱਖ ਸਕੱਤਰ ਵਿਰੁਧ ਸ਼ਰਾਬ ਕਾਰੋਬਾਰ ਮਾਮਲੇ ਵਿਚ ਜਾਂਚ ਦੇ ਮਾਮਲੇ ਬਾਰੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਬਾਰੇ ਤਾਂ ਮੁੱਖ ਮੰਤਰੀ ਹੀ ਦੱਸ ਸਕਦੇ ਹਨ ਪਰ ਮੈਨੂੰ ਪਤਾ ਲੱਗਾ ਹੈ ਕਿ ਕਰਨ ਅਵਤਾਰ ਨੇ ਲਿਕ ਕੇ ਮੁੱਖ ਮੰਤਰੀ ਨੂੰ ਦਿਤਾ ਹੈ ਕਿ ਉਸ ਦੇ ਬੇਟੇ ਦਾ ਪੰਜਾਬ ਵਿਚ ਸ਼ਰਾਬ ਕਾਰੋਬਾਰ ਵਿਚ ਕੋਈ ਵੀ ਹਿੱਸਾ ਨਹੀਂ ਹੈ। ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਸਕੱਤਰ ਦਾ ਝਗੜਾ ਤਾਂ ਮੇਰੇ ਨਾਲ ਹੀ ਹੋਇਆ ਸੀ ਪਰ ਇਹ ਕਿਸੇ ਇਕ ਵਿਅਕਤੀ ਦੀ ਹਊਮੈ ਦਾ ਵਿਵਾਦ ਨਹੀਂ ਸੀ ਬਲਕਿ ਲੋਕਾਂ ਦੇ ਚੁਣੇ ਨੁੰਮਾਇਦਿਆਂ ਦੇ ਸਤਿਕਾਰ ਦੀ ਲੜਾਈ ਸੀ।

ਮਾਫ਼ੀ ਮੰਗਣ ਨਾਲ ਵੱਡੀ ਗੱਲ ਹੋਈ ਹੈ ਕਿ ਅਫ਼ਸਰਸ਼ਾਹੀ ਦੇ ਲੋਕ ਨੁੰਮਾਇਦਿਆਂ ਦੀ ਤਾਕਤ ਨੂੰ ਮੰਨਿਆ ਹੈ। ਅਸੀ ਇਹੀ ਚਾਹੁੰਦੇ ਹਾਂ ਕਿ ਲੋਕਾਂ ਦੇ ਚੁਣੇ ਨੁੰਮਾਇਦਿਆਂ ਨੂੰ ਹਰ ਪੱਧਰ ਉਤੇ ਸਰਕਾਰ-ਦਰਬਾਰ ਮਾਣ ਸਤਿਕਾਰ ਮਿਲੇ। ਜ਼ਿਕਰਯੋਗ ਹੈ ਕਿ ਅਪਣੇ ਸੀਸਵਾਂ ਫ਼ਾਰਮ ਹਾਊਸ ਉਤੇ ਬੁਲਾ ਕੇ ਮੁੱਖ ਮੰਤਰੀ ਵਲੋਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਇਲਾਵਾ ਬਾਅਦ ਵਿਚ ਮਨਪ੍ਰੀਤ ਬਾਦਲ ਤੇ ਚਰਨਜੀਤ ਚੰਨੀ ਨਾਲ ਵੀ ਮੀਟਿੰਗਾਂ ਕੀਤੀਆਂ ਸਨ। ਮੰਤਰੀਆਂ ਦੇ ਸਮੱਰਥਨ ਆਏ ਵਿਧਾਇਕਾਂ ਦੇ ਰਾਜਾ ਵੜਿੰਗ, ਪ੍ਰਗਟ ਸਿੰਘ ਤੇ ਸੰਗਤ ਸਿੰਘ ਗਿਲਜੀਆਂ ਨਾਲ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਲੰਚ ਮੀਟਿੰਗਾਂ ਵਿਚ ਸੱਦਿਆ ਸੀ।

ਮਜੀਠੀਆ ਨੇ ਪੁਛਿਆ : 56 ਹਜ਼ਾਰ ਕਰੋੜ ਦੇ ਘਾਟੇ ਦਾ ਕੀ ਬਣਿਆ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬੰਦ ਕਮਰੇ ਦੀ ਮੀਟਿੰਗ ਵਿਚ ਪਤਾ ਨਹੀਂ ਕਿਸ ਨੇ ਕਿਸ ਤੋਂ ਮਾਫ਼ੀ ਮੰਗੀ ਪਰ ਸਾਨੂੰ ਤਾਂ ਇਹ ਜਾਣਨ ਵਿਚ ਦਿਲਚਸਪੀ ਹੈ ਕਿ ਐਕਸਾਈਜ਼ ਨੀਤੀ ਦਾ ਕੀ ਬਣਿਆ ਤੇ ਪੰਜਾਬ ਨੂੰ ਪਏ 56000 ਕਰੋੜ ਦਾ ਕੀ ਬਣਿਆ? ਇਨ੍ਹਾਂ ਸੇਵਾਵਾਂ ਸਾਹਮਣੇ ਮਾਫ਼ੀ ਜਾਂ ਨਾ ਮਾਫ਼ੀ ਦਾ ਕੋਈ ਮਹੱਤਵ ਨਹੀਂ।