ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਬੁੱਤ 8 ਮਹੀਨਿਆਂ ਵਿਚ ਤਿਆਰ ਕੀਤਾ ਗਿਆ

Maharaja Ranjeet Singh statue unveiling at Lahore Fort

ਲਾਹੌਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਸਿੱਖ ਮਹਾਰਾਜਾ ਸਨ। ਉਨ੍ਹਾਂ ਨੂੰ ਪੰਜਾਬ ਦੇ ਇਤਿਹਾਸ ਵਿਚ ਯੋਧੇ, ਦਲੇਰ ਮਹਾਰਾਜੇ ਅਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਵਰ੍ਹੇਗੰਢ ਮੌਕੇ ਪਾਕਿਸਤਾਨ ਦੇ ਲਾਹੌਰ ਦੇ ਕਿਲੇ ਵਿਚ ਮਾਈ ਜਿੰਦਾ ਹਵੇਲੀ ਦੀ ਸਿੱਖ ਗੈਲਰੀ 'ਚ ਉਨ੍ਹਾਂ ਦਾ ਬੁੱਤ ਸਥਾਪਤ ਕੀਤਾ ਗਿਆ। 

ਇਸ ਸਮਾਰੋਹ ਵਿਚ ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਇਸ ਬੁੱਤ 'ਚ ਮਹਾਰਾਜੇ ਨੂੰ ਘੋੜੇ ਉੱਤੇ ਬੈਠਿਆਂ ਵਿਖਾਇਆ ਗਿਆ ਹੈ। ਪੰਜਾਬੀ ਸਿੱਖ ਮਹਾਰਾਜੇ ਦਾ ਇਹ ਬੁੱਤ ਭਾਰਤ ਤੇ ਪਕਿਸਤਾਨ ਵਿਚ ਆਪਣੇ ਆਪ 'ਚ ਪਹਿਲਾ ਅਤੇ ਵਿਲੱਖਣ ਬੁੱਤ ਹੈ। ਇਸ ਪਹਿਲਕਦਮੀ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਕਲਾ ਪ੍ਰੇਮੀਆਂ 'ਚ ਉਤਸ਼ਾਹ ਦਾ ਮਾਹੌਲ ਹੈ।

ਇਸ ਬੁੱਤ ਦੀ ਲੰਬਾਈ 8 ਫੁਟ ਹੈ। ਬੁੱਤ 'ਚ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲਈ ਉਨ੍ਹਾਂ ਦੇ ਮਨਪਸੰਦੀਦਾ ਅਰਬੀ ਘੋੜੇ ਕਹਿਰ ਬਹਿਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਉਨ੍ਹਾਂ ਦੇ ਦੋਸਤ ਮੁਹੰਮਦ ਖ਼ਾਨ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤਾ ਸੀ।

ਇਹ ਬੁੱਤ ਫ਼ਕੀਰਖਾਨਾ ਮਿਊਜ਼ੀਅਮ ਦੇ ਡਾਇਰੈਕਟਰ ਫ਼ਕੀਰ ਸੈਫ਼ਉਦੀਨ ਸੋਜ਼ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬੁੱਤ ਇਸ ਖਿੱਤੇ ਵਿਚ ਬਣੇ ਹੋਰਨਾਂ ਬੁੱਤਾਂ ਤੋਂ ਇਸ ਕਰ ਕੇ ਵਿਲੱਖਣ ਹੈ, ਕਿਉਂਕਿ ਇਸ ਨੂੰ ਤਿਆਰ ਕਰਨ ਲਈ ਫਾਈਬਰ ਕੋਲਡ ਬਰੌਨਜ਼ ਮਟੀਰੀਅਲ ਵਰਤਿਆ ਗਿਆ ਹੈ, ਜਿਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਇਹ ਬੁੱਤ 8 ਮਹੀਨਿਆਂ ਵਿਚ ਤਿਆਰ ਕੀਤਾ ਗਿਆ ਹੈ।

ਸਿੱਖ ਹੈਰੀਟੇਜ਼ ਫ਼ਾਊਂਡੇਸ਼ਨ ਯੂ.ਕੇ. ਦੇ ਡਾਇਰੈਕਟਰ ਬੌਬੀ ਸਿੰਘ ਬਾਂਸਲ ਨੇ ਇਹ ਬੁੱਤ ਤਿਆਰ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਬੁੱਤ ਦਾ ਭਾਰ ਲਗਭਗ 250-330 ਕਿਲੋਗ੍ਰਾਮ ਹੈ। ਇਸ 'ਚ 85% ਕਾਂਸਾ, 5% ਟਿਨ, 5% ਸੀਸਾ ਅਤੇ 5% ਜਿੰਕ ਦੀ ਵਰਤੋਂ ਕੀਤੀ ਗਈ ਹੈ।