ਮਾਛੀਵਾੜਾ ਸਾਹਿਬ ਵਿਖੇ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ’ਤੇ ਸੀ.ਬੀ.ਆਈ. ਦੀ ਰੇਡ, ਰਿਕਾਰਡ ਦੀ ਕੀਤੀ ਗਈ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

700 ਵਿਦਿਆਰਥੀਆਂ ਨਾਲ ਹੋਈ ਠੱਗੀ ਤੋਂ ਬਾਅਦ ਸੀ.ਬੀ.ਆਈ. ਦੀ ਵੱਡੀ ਕਾਰਵਾਈ

CBI raid on Immigration Company office at Machhiwara Sahib

 

ਖੰਨਾ: ਕੈਨੇਡਾ ਵਿਚ 700 ਵਿਦਿਆਰਥੀਆਂ ਨਾਲ ਹੋਈ ਠੱਗੀ ਤੋਂ ਬਾਅਦ ਸੀ.ਬੀ.ਆਈ. ਨੇ ਪੰਜਾਬ 'ਚ ਇਮੀਗ੍ਰੇਸ਼ਨ ਕੰਪਨੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿਤਾ ਹੈ। ਇਸ ਦੇ ਚਲਦਿਆਂ ਅੱਜ ਸੀ.ਬੀ.ਆਈ. ਦੀ ਟੀਮ ਨੇ ਮਾਛੀਵਾੜਾ ਸਾਹਿਬ ਵਿਖੇ ਇਕ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਵਿਚ ਛਾਪਾ ਮਾਰਿਆ ਹੈ। ਟੀਮ ਨੇ ਟਰੈਵਲ ਏਜੰਟ ਦੀ ਕੋਠੀ 'ਚ ਵੀ ਰੇਡ ਕੀਤੀ ਅਤੇ ਪ੍ਰਵਾਰਕ ਮੈਂਬਰਾਂ ਤੋਂ ਪੁਛਗਿਛ ਕੀਤੀ ਗਈ। ਸਵੇਰ ਤੋਂ ਹੀ ਇਹ ਟੀਮ ਮਾਛੀਵਾੜਾ ਸਾਹਿਬ ਵਿਖੇ ਕੰਪਨੀ ਦੇ ਰਿਕਾਰਡ ਨੂੰ ਚੈਕ ਕਰ ਰਹੀ ਹੈ। ਕੋਠੀ 'ਚ ਵੀ ਜਾਂਚ ਕੀਤੀ ਜਾ ਰਹੀ ਹੈ। ਸੀ.ਬੀ.ਆਈ .ਨੇ ਕੰਪਨੀ ਦਾ ਕੁੱਝ ਰਿਕਾਰਡ ਜ਼ਬਤ ਵੀ ਕੀਤਾ ਹੈ।

ਇਹ ਵੀ ਪੜ੍ਹੋ: ਪਤਨੀ ਨੇ ਪਤੀ ਦਾ ਕਤਲ ਕਰ ਦਸਿਆ ਖ਼ੁਦਕੁਸ਼ੀ, ਪੁਲਿਸ ਜਾਂਚ 'ਚ ਹੋਇਆ ਖ਼ੁਲਾਸਾ

ਜਾਣਕਾਰੀ ਅਨੁਸਾਰ ਸਮਰਾਲਾ ਰੋਡ 'ਤੇ ਜਗਦੰਬੇ ਇੰਟਰਨੈਸ਼ਨਲ ਸਰਵਿਸਿਜ਼ ਇਮੀਗ੍ਰੇਸ਼ਨ ਕੰਪਨੀ ਦਾ ਦਫ਼ਤਰ ਹੈ। ਇਸ ਦਫ਼ਤਰ ਤੋਂ ਅਮਰੀਕਾ, ਆਸਟ੍ਰੇਲੀਆ, ਯੂਰਪ, ਯੂ.ਕੇ. ਅਤੇ ਨਿਊਜ਼ੀਲੈਂਡ ਦੇ ਸਟੱਡੀ ਵੀਜਾ, ਟੂਰਿਸਟ ਵੀਜ਼ਾ ਸਮੇਤ ਪੀ.ਆਰ ਤਕ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਦਫ਼ਤਰ ਦਾ ਸੰਚਾਲਕ ਬਲਵਿੰਦਰ ਸਿੰਘ ਵਾਸੀ ਪਿੰਡ ਝੜੌਦੀ ਇਲਾਕੇ ਦਾ ਜਾਣਿਆ-ਪਛਾਣਿਆ ਟਰੈਵਲ ਏਜੰਟ ਹੈ। ਉਹ ਲੰਬੇ ਸਮੇਂ ਤੋਂ ਇਸ ਕਿੱਤੇ ਨਾਲ ਜੁੜਿਆ ਹੋਇਆ ਹੈ। ਦੂਜੇ ਪਾਸੇ ਸੀ.ਬੀ.ਆਈ. ਦੇ ਇਸ ਛਾਪੇ ਬਾਰੇ ਕਿਸੇ ਵੀ ਅਧਿਕਾਰੀ ਨੇ ਕੁੱਝ ਨਹੀਂ ਦਸਿਆ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਉਹ ਦਿੱਲੀ ਤੋਂ ਕਿਸੇ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਆਏ ਸਨ। ਜਾਂਚ ਪੂਰੀ ਹੋਣ ਤਕ ਕੁੱਝ ਨਹੀਂ ਕਿਹਾ ਜਾ ਸਕਦਾ।

ਇਹ ਵੀ ਪੜ੍ਹੋ: 5 ਦਿਨਾਂ ਤੋਂ ਲਾਪਤਾ ਨੌਜੁਆਨ ਦੀ ਭਾਲ ਜਾਰੀ, ਨਹਿਰ ਵਿਚ ਛਾਲ ਮਾਰਨ ਦਾ ਜਤਾਇਆ ਜਾ ਰਿਹਾ ਖ਼ਦਸ਼ਾ

ਕੋਠੀ ਤੇ ਦਫ਼ਤਰ 'ਚ ਪੁੱਛਗਿੱਛ  

ਸੀ.ਬੀ.ਆਈ. ਦੀ ਟੀਮ ਨੇ ਸਮਰਾਲਾ ਰੋਡ ’ਤੇ ਸਥਿਤ ਜਗਦੰਬੇ ਇਮੀਗ੍ਰੇਸ਼ਨ ਦਫ਼ਤਰ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਤੋਂ ਪੁਛਗਿਛ ਕੀਤੀ। ਇਥੇ ਰਿਕਾਰਡ ਦੀ ਪੜਤਾਲ ਕੀਤੀ ਗਈ। ਉਸੇ ਸਮੇਂ ਦਫ਼ਤਰ ਦੇ ਨਾਲ ਹੀ ਟੀਮ ਦੇ ਕੁੱਝ ਮੈਂਬਰ ਪਿੰਡ ਝੜੌਦੀ ਸਥਿਤ ਬਲਵਿੰਦਰ ਸਿੰਘ ਦੀ ਕੋਠੀ 'ਤੇ ਪੁੱਜੇ | ਉਥੇ ਪਰਿਵਾਰ ਵਾਲਿਆਂ ਤੋਂ ਪੁਛਗਿਛ ਕੀਤੀ ਗਈ। ਸੂਤਰਾਂ ਮੁਤਾਬਕ ਮਾਮਲਾ ਸੰਨ 2022 ਦਾ ਦਸਿਆ ਜਾ ਰਿਹਾ ਹੈ, ਜਿਸ ਦੀਆਂ ਤਾਰਾਂ ਵਿਦੇਸ਼ ਵਿਚ ਜੁੜੀਆਂ ਦਸੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ ਫੰਡਿੰਗ ਨੂੰ ਲੈ ਕੇ ਸੀ.ਬੀ.ਆਈ. ਵਲੋਂ ਜਾਂਚ ਦੀ ਖ਼ਬਰ ਹੈ। ਪ੍ਰੰਤੂ ਇਸ ਬਾਰੇ ਹਾਲੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ: ਯੂਕਰਨ ਦੇ ਰੇਸਤਰਾਂ ’ਤੇ ਡਿੱਗੀ ਰੂਸੀ ਮਿਜ਼ਾਈਲ, 10 ਮੌਤਾਂ

ਟਰੈਵਲ ਏਜੰਟ ਅਮਰੀਕਾ ਭੇਜਣ ਲਈ ਮਸ਼ਹੂਰ

ਦਸਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਦਾ ਟਰੈਵਲ ਏਜੰਟ ਦਾ ਕਿੱਤਾ ਕਾਫੀ ਪੁਰਾਣਾ ਹੈ। ਉਸ ਦਾ ਨਾਂ ਇਲਾਕੇ ਵਿਚ ਮਸ਼ਹੂਰ ਹੈ। ਖਾਸ ਕਰਕੇ ਉਹ ਅਮਰੀਕਾ ਭੇਜਣ ਵਿਚ ਮਾਹਰ ਮੰਨਿਆ ਜਾਂਦਾ ਹੈ। ਸੂਤਰਾਂ ਅਨੁਸਾਰ ਬਲਵਿੰਦਰ ਸਿੰਘ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਨੌਜੁਆਨਾਂ ਨੂੰ ਵਿਦੇਸ਼ ਭੇਜਿਆ ਹੈ। ਸੀ.ਬੀ.ਆਈ. ਇਨ੍ਹਾਂ ਸਾਰਿਆਂ ਦਾ ਰਿਕਾਰਡ ਵੀ ਹਾਸਲ ਕਰ ਰਹੀ ਹੈ।

ਇਹ ਵੀ ਪੜ੍ਹੋ: ਇਟਲੀ ਵਿਚ ਏਅਰਪੋਰਟ ਚੈਕਿੰਗ ਅਫ਼ਸਰ ਬਣੀ ਪੰਜਾਬ ਦੀ ਧੀ 

ਰੇਡ ਨਾਲ ਸਾਡਾ ਕੋਈ ਸਬੰਧ ਨਹੀਂ - ਡੀ.ਐਸ.ਪੀ

ਡੀ.ਐਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਕਿਹਾ ਕਿ ਇਹ ਸੀ.ਬੀ.ਆਈ. ਦੀ ਅਪਣੀ ਕਾਰਵਾਈ ਹੈ। ਇਸ ਰੇਡ ਨਾਲ ਪੰਜਾਬ ਪੁਲਿਸ ਦਾ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਸੀ.ਬੀ.ਆਈ. ਨੇ ਹੁਣ ਤਕ ਇਸ ਸਬੰਧੀ ਪੁਲਿਸ ਤੋਂ ਕਿਸੇ ਤਰ੍ਹਾਂ ਦਾ ਸਹਿਯੋਗ ਮੰਗਿਆ ਹੈ।