'ਪੀੜਤ ਪਰਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਸਰਕਾਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟੈਟ ਪਾਸ ਦਲਿਤ ਬੇਰੁਜ਼ਗਾਰ ਵਲੋਂ ਖ਼ੁਦਕੁਸ਼ੀ ਦਾ ਮਾਮਲਾ

Govt should be pays rs 1 crore compensation to victims family : AAP

ਚੰਡੀਗੜ੍ਹ : ਮਾਨਸਾ ਦੇ ਪਿੰਡ ਚੱਕ ਭਾਈ ਕੇ ਦੇ ਟੈਟ ਪਾਸ ਦਲਿਤ ਬੇਰੁਜ਼ਗਾਰ ਜਗਸੀਰ ਸਿੰਘ ਨੇ ਰੁਜ਼ਗਾਰ ਨਾ ਮਿਲਣ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ। 30 ਜੁਲਾਈ 2019 ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਚੱਕ ਭਾਈ ਕੇ ਵਿਖੇ ਜਗਸੀਰ ਸਿੰਘ ਨਮਿਤ ਪਾਠ ਦੇ ਭੋਗ ਪਾਏ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਜਗਸੀਰ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਪੰਜਾਬ ਭਰ ਦੇ ਟੈਟ ਪਾਸ ਅਤੇ ਨੈਟ ਪਾਸ ਬੇਰੁਜ਼ਗਾਰਾਂ ਲਈ ਨੌਕਰੀਆਂ ਖੋਲ੍ਹਣ ਦਾ ਐਲਾਨ ਕਰ ਕੇ ਆਪਣੇ 'ਪਾਪਾਂ' ਦਾ ਪਸ਼ਚਾਤਾਪ ਕਰੇ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪਿ੍ਰੰਸੀਪਲ ਬੁੱਧਰਾਮ ਨੇ ਜਗਸੀਰ ਸਿੰਘ ਦੀ ਮੌਤ ਨੂੰ ‘ਸਰਕਾਰੀ ਕਤਲ’ ਕਰਾਰ ਦਿਤਾ ਹੈ। ਉਨਾਂ ਕਿਹਾ ਕਿ ਨਿਕੰਮੀਆਂ ਸਰਕਾਰਾਂ ਹੋਣਹਾਰ ਨੌਜਵਾਨਾਂ ਦੇ ਹੌਸਲੇ ਪਸਤ ਕਰ ਰਹੀਆਂ ਹਨ। ਨਸ਼ੇ ਅਪਰਾਧ, ਪਰਵਾਸ ਅਤੇ ਆਤਮ ਹੱਤਿਆ ਵਰਗੀ ਤ੍ਰਾਸਦੀ ਕਾਂਗਰਸ, ਅਕਾਲੀ-ਭਾਜਪਾ ਸਰਕਾਰ ਦੇ ‘ਮਾਫ਼ੀਆ ਰਾਜ’ ਦੀ ਦੇਣ ਹਨ। 

ਚੀਮਾ ਨੇ ਕਿਹਾ ਕਿ ਜਗਸੀਰ ਸਿੰਘ ਇਕ ਬੇਹੱਦ ਗ਼ਰੀਬ ਦਲਿਤ ਪਰਿਵਾਰ ਦੇ ਘਰ ਪੈਦਾ ਹੋਇਆ। ਉਸ ਦੇ ਹੌਸਲੇ ਨੂੰ ਦਾਦ ਦੇਣੀ ਬਣਦੀ ਹੈ ਕਿ ਅਪਾਹਜ਼ ਹੋਣ ਦੇ ਬਾਵਜੂਦ ਦਿਹਾੜੀ-ਮਿਹਨਤ-ਮਜਦੂਰੀ ਕਰ ਕੇ ਉਸ ਨੇ ਨਾ ਸਿਰਫ਼ ਉੱਚ ਡਿਗਰੀਆਂ ਲਈਆਂ ਬਲਕਿ ਯੂਜੀਸੀ, ਨੈਟ ਅਤੇ ਟੈਟ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਪਰੰਤੂ ਸਰਕਾਰਾਂ ਦੀਆਂ ਮਾਰੂ ਨੀਤੀਆਂ ਨੇ ਜਗਸੀਰ ਵਰਗੇ ਹਿੰਮਤੀ ਸ਼ਖ਼ਸ ਦਾ ਹੌਸਲਾ ਪਸਤ ਕਰ ਦਿੱਤਾ, ਜੋ ਨਾ ਸਿਰਫ਼ ਸਰਕਾਰਾਂ ਬਲਕਿ ਸਮੁੱਚੇ ਸਮਾਜ ਦੇ ਮੂੰਹ 'ਤੇ ਚਪੇੜ ਹੈ, ਜੋ ਅਜਿਹੇ ਭਿ੍ਰਸ਼ਟ ਲੋਕਾਂ ਨੂੰ ਵਾਰ-ਵਾਰ ਸੱਤਾ ‘ਤੇ ਬਿਠਾਉਂਦੇ ਆ ਰਹੇ ਹਨ।

ਇਸ ਮੌਕੇ ਪਿ੍ਰੰਸੀਪਲ ਬੁੱਧਰਾਮ ਨੇ ਮੰਗ ਕੀਤੀ ਕਿ ਸਰਕਾਰ ਜਗਸੀਰ ਸਿੰਘ ਦੇ ਪੀੜਤ ਪਰਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ-ਨਾਲ ਜਗਸੀਰ ਸਿੰਘ ਦੀ ਯਾਦ 'ਚ ਉਸ ਦੇ ਪਿੰਡ ਚੱਕ ਭਾਈ ਕੇ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੀ ਸਹਾਇਤਾ ਦੇਵੇ।