ਹਰਿਆਣਾ ਸਰਕਾਰ ਦੇ ਪ੍ਰਕਾਸ਼ ਉਤਸਵ ਦੇ ਹੋਰਡਿੰਗਾਂ ਵਿਚੋਂ ਪੰਜਾਬੀ ਗ਼ਾਇਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਬਾਣੀ ਦੀਆਂ ਸਤਰਾਂ ਵੀ ਗੁਰਮੁਖੀ ਵਿਚ ਨਾ ਹੋਣ 'ਤੇ ਸਿੱਖ ਹਲਕਿਆਂ ਵਿਚ ਰੋਸ

Punjabi disappeared from Haryana Government's light festival hoardings

ਸਿਰਸਾ  (ਸੁਰਿੰਦਰ ਪਾਲ ਸਿੰਘ): ਸੰਸਾਰ ਭਰ ਦੇ ਵਿਦਵਾਨਾਂ ਦਾ ਕਥਨ ਹੈ ਕਿ ਜਿਸ ਕੌਮ ਨੂੰ ਤੁਸੀਂ ਪਿੱਛੇ ਧੱਕਣਾ ਹੈ, ਉਸ ਕੌਮ ਦੀ ਭਾਸ਼ਾ ਨੂੰ ਵਿਸਾਰਦੇ ਰਹੋ। ਅਜਿਹਾ ਹੀ ਹਰਿਆਣਾ ਸਰਕਾਰ ਵਲੋਂ 4 ਅਗੱਸਤ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਵੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਸਰਕਾਰ ਗੁਰੂ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾ ਰਹੀ ਹੈ।

ਪਰ ਗੁਰੂ ਸਾਹਿਬ ਦੀ ਗੁਰਮੁਖੀ ਬਾਣੀ ਅਤੇ ਸੰਗਤਾਂ ਦੀ ਭਾਸ਼ਾ ਪੰਜਾਬੀ ਦਾ ਧਿਆਨ ਰੱਖੇ ਬਿਨਾਂ ਪੂਰੇ ਸਿਰਸਾ ਖੇਤਰ ਵਿਚ ਜਨਤਕ ਥਾਵਾਂ 'ਤੇ ਲੱਗੇ ਗੁਰੂ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਹੋਰਡਿੰਗਾਂ ਵਿਚੋਂ ਕੋਈ ਵੀ ਬੋਰਡ ਪੰਜਾਬੀ ਭਾਸ਼ਾ ਵਿਚ ਲੱਗਿਆ ਦਿਖਾਈ ਨਹੀਂ ਦੇ ਰਿਹਾ ਹਾਲਾਂਕਿ ਹਰਿਆਣਾ ਵਿਚ ਦੂਜੀ ਭਾਸ਼ਾ ਪੰਜਾਬੀ ਹੈ। ਗਨੀਮਤ ਇਹ ਕਿ ਪੂਰੇ ਹੋਰਡਿੰਗਾਂ ਵਿਚ ਉਕੇਰੀਆਂ ਗਈਆਂ ਗੁਰਬਾਣੀ ਦੀਆਂ ਸਤਰਾਂ ਵੀ ਪੰਜਾਬੀ ਭਾਸ਼ਾ ਵਿਚ ਨਹੀਂ ਹਨ। 

ਹੈਰਾਨਗੀ ਇਹ ਹੈ ਕਿ ਹਰਿਆਣਾ ਅਤੇ ਪੰਜਾਬ ਦੀਆਂ ਸ਼੍ਰੋਮਣੀ ਕਮੇਟੀਆਂ ਸਮੇਤ ਕਿਸੇ ਵੀ ਸਿੱਖ ਜਥੇਬੰਦੀ ਜਾਂ ਸੰਪਰਦਾ ਨੇ ਸਰਕਾਰ ਦੀ ਇਸ ਗੰਭੀਰ ਗ਼ਲਤੀ ਦਾ ਨੋਟਿਸ ਤਕ ਨਹੀਂ ਲਿਆ ਜਾਂ ਉਨ੍ਹਾਂ ਅਪਣੀ ਮਾਤ ਭਾਸ਼ਾ ਨੂੰ ਗਾਹੇ ਵਗਾਹੇ ਵਿਸਾਰ ਦਿਤਾ ਹੈ। ਸਾਡੇ ਪੱਤਰਕਾਰ ਨੇ ਜਦੋਂ ਸਿਰਸਾ ਖੇਤਰ ਦੇ ਐਸ.ਜੀ.ਪੀ.ਸੀ ਦੇ ਐਗਜੀਕਿਊਟਿਵ ਮੈਂਬਰ ਅਤੇ ਸਮਾਗਮ ਦੀ ਸਫ਼ਲਤਾ ਲਈ ਜੁਟੇ ਹਰਿਆਣਾ ਸਿੱਖ ਆਗੂ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲ ਨੂੰ ਇਸ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਧਿਆਨ ਵਿਚ ਹੀ ਇਹ ਗੱਲ ਨਹੀਂ।

ਉਨ੍ਹਾਂ ਇਹ ਜ਼ਰੂਰ ਕਿਹਾ ਕਿ ਉਨ੍ਹਾਂ ਦੇ ਗੁਰੂ ਘਰ ਵਲੋਂ ਜੋ ਹੋਰਡਿੰਗ ਲਾਏ ਜਾਣਗੇ ਉਨ੍ਹਾਂ ਦੀ ਭਾਸ਼ਾ ਪੰਜਾਬੀ ਹੋਵੇਗੀ। ਇਸ ਸਬੰਧੀ ਹਰਿਆਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਲਕੌਰ ਸਿੰਘ ਦਾ ਕਹਿਣਾ ਸੀ ਕਿ ਹਿੰਦੀ ਦੇ ਨਾਲ ਨਾਲ ਪ੍ਰਚਾਰ ਸਮੱਗਰੀ ਪੰਜਾਬੀ ਵਿਚ ਛਪਵਾਉਣ ਦਾ ਹਰਿਆਣਾ ਸਰਕਾਰ ਦਾ ਮੁਢਲਾ ਫ਼ਰਜ਼ ਬਣਦਾ ਸੀ। ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ ਸਿਰਸਾ ਦੀ ਪੁਲਿਸ ਲਾਈਨ ਵਿਚ 4 ਅਗੱਸਤ ਨੂੰ ਹੋਣ ਜਾ ਰਿਹਾ ਹੈ।

ਗੁਰੂ ਜੀ ਦੇ ਪ੍ਰਕਾਸ਼ ਪੁਰਬ ਨੂੰ ਧੂਮ-ਧਾਮ ਨਾਲ ਮਨਾਉਣ ਲਈ ਹਰਿਆਣਾ ਸਰਕਾਰ ਵਲੋਂ ਵੱਡੇ ਪੱਧਰ 'ਤੇ ਜੋ ਪ੍ਰਚਾਰ ਸਮੱਗਰੀ ਵੰਡੀ ਜਾ ਰਹੀ ਹੈ ਪਰ ਉਸ ਵਿਚੋਂ ਗੁਰਮੁਖੀ ਗਾਇਬ ਹੈ। ਪ੍ਰਚਾਰ ਸਮੱਗਰੀ ਵਿਚੋਂ ਪੰਜਾਬੀ ਦੇ ਗਾਇਬ ਹੋਣ ਸਬੰਧੀ ਸਾਡੇ ਪੱਤਰਕਾਰ ਨੇ ਜਦੋਂ ਲੈਕਚਰਾਰ ਡਾ. ਸਿਕੰਦਰ ਸਿੰਘ ਸਿੱਧੂ ਨੂੰ ਇਸ ਸਬੰਧੀ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਿਰਸਾ ਨੂੰ ਚੁਣਿਆ ਹੈ ਪਰ ਪੰਜਾਬੀ ਭਾਸ਼ਾ ਨੂੰ ਅੱਖੋ ਪਰੋਖੇ ਕਰਨ ਤੇ ਕਾਹਦਾ ਮਾਣ?

ਇਸ ਖੇਤਰ ਦੇ ਪੰਜਾਬੀ ਭਾਸ਼ਾ ਦੇ ਵਿਦਵਾਨ ਅਤੇ ਚਿੰਤਨਸ਼ੀਲ ਸਾਹਿਤਕਾਰ ਸਵਰਨ ਸਿੰਘ ਵਿਰਕ ਦਾ ਕਹਿਣਾ ਸੀ ਕਿ ਹਰਿਆਣੇ ਵਿਚ ਪੰਜਾਬੀ ਨੂੰ ਦੂਸਰੀ ਭਾਸ਼ਾ ਦੇ ਦਰਜੇ ਨਾਲ ਇਸ ਤੋਂ ਵੱਡਾ ਮਜ਼ਾਕ ਭਲਾ ਹੋਰ ਕੀ ਹੋ ਸਕਦਾ ਹੈ? ਉਧਰ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਗਤੀਤੀਲ ਲੇਖਕ ਸਭਾ ਸਿਰਸਾ, ਪੰਜਾਬੀ ਸਤਿਕਾਰ ਸਭਾ ਸਿਰਸਾ ਅਤੇ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਅਤੇ ਤਰਕਸ਼ੀਲ ਸੁਸਾਇਟੀ ਕਾਲਾਂਵਾਲੀ ਸਮੇਤ ਪੰਜਾਬੀ ਦੀਆਂ ਅਨੇਕ ਸਭਾਵਾਂ ਨੇ ਹਰਿਆਣਾ ਸਰਕਾਰ ਨੂੰ ਤੁਰਤ ਇਸ ਗੰਭੀਰ ਮਸਲੇ ਵਲ ਧਿਆਨ ਦੇਣ ਦੀ ਮੰਗ ਕੀਤੀ ਹੈ।