ਸੌਦਾ ਸਾਧ ਦੇ ਸਿੱਧੇ ਨਾਮ 'ਤੇ ਸਿਰਸਾ 'ਚ ਕੋਈ ਵਾਹੀ ਯੋਗ ਜ਼ਮੀਨ ਨਹੀਂ? 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਰ ਸਾਧ ਹੁਣ ਵੀ ਹੈ ਡੇਰਾ ਟਰੱਸਟ ਦਾ ਮੁਖੀ  

Sauda Sadh

ਸਿਰਸਾ : ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਮੰਤਰੀ ਸੌਦਾ ਸਾਧ ਨੂੰ ਰੋਹਤਕ ਦੀ ਸੁਨਾਰੀਆ ਜੇਲ ਵਿਚੋਂ ਬਾਹਰ ਲਿਆਉਣ ਲਈ ਭਾਵੇਂ ਤਰਲੋਮੱਛੀ ਹੋ ਰਹੇ ਹਨ, ਪਰ ਸਰਕਾਰੀ ਰੀਕਾਰਡ ਅਨੁਸਾਰ ਸਿਰਸਾ ਡੇਰੇ ਦੀ ਟਰੱਸਟ ਦੇ ਨਾਂਅ 'ਤੇ ਕਰੀਬ 260 ਏਕੜ ਖੇਤੀ ਯੋਗ ਜ਼ਮੀਨ ਤਾਂ ਹੈ ਪਰ ਡੇਰਾ ਸਾਧ ਗੁਰਮੀਤ ਸਿੰਘ ਦੇ ਨਾਮ 'ਤੇ ਕੋਈ ਵਾਹੀ ਯੋਗ ਜ਼ਮੀਨ ਨਹੀਂ। ਡੇਰੇ ਦੀ ਇਹ ਜ਼ਮੀਨ ਪਿੰਡ ਬੇਗੂ, ਨੇਜ਼ੀਆ ਅਤੇ ਅਲੀ ਮੁਹੰਮਦ ਪਿੰਡਾਂ ਦੇ ਰਕਬੇ ਵਿਚ ਆਉਂਦੀ ਹੈ।

ਮਾਲ ਵਿਭਾਗ ਨੇ ਅਪਣੀ ਰੀਪੋਰਟ ਐਸ.ਆਈ.ਟੀ ਨੂੰ ਸੌਂਪ ਦਿਤੀ ਹੈ। ਹੁਣ ਐਸ.ਆਈ.ਟੀ ਨੇ ਅਪਣੀ ਰੀਪੋਰਟ ਸਿਰਸਾ ਐਸ.ਪੀ ਹਵਾਲੇ ਕਰਨੀ ਹੈ। ਇਹੀ ਨਹੀਂ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਐਸ.ਪੀ ਸਿਰਸਾ ਨੇ ਸਿਰਸਾ ਸਦਰ ਥਾਣਾ ਅਤੇ ਸਿਟੀ ਥਾਣਾ ਮੁਖੀ ਕੋਲੋਂ ਰੀਪੋਰਟ ਮੰਗੀ ਹੈ ।ਸੌਦਾ ਸਾਧ ਨੇ ਖੇਤੀ ਕੰਮਾਂ ਲਈ ਸੁਨਾਰੀਆ ਜੇਲ ਤੋਂ ਪੈਰੋਲ ਮੰਗੀ ਹੈ ਜਿਸ 'ਤੇ ਸਿਰਸਾ ਪੁਲਿਸ ਨੇ ਮਾਲ ਵਿਭਾਗ ਨੂੰ ਡੇਰਾ ਪ੍ਰਮੁੱਖ ਦੀ ਖੇਤੀਯੋਗ ਜ਼ਮੀਨ ਦਾ ਰੀਕਾਰਡ ਉਪਲਬੱਧ ਕਰਵਾਉਣ ਲਈ ਕਿਹਾ ਹੈ ਜਿਸ ਨਾਲ ਪਤਾ ਕੀਤਾ ਜਾ ਸਕੇ ਕਿ ਸੌਦਾ ਸਾਧ ਕੋਲ ਖੇਤੀ ਲਾਇਕ ਜ਼ਮੀਨ ਹੈ ਜਾਂ ਨਹੀਂ? 

ਸੂਤਰਾਂ ਅਨੁਸਾਰ ਅਤੇ ਸਰਕਾਰੀ ਨਿਯਮਾਂ ਅਨੁਸਾਰ ਡੇਰੇ ਜਾਂ ਟਰੱਸਟ ਦੀ ਜ਼ਮੀਨ ਨੂੰ ਸੌਦਾ ਸਾਧ ਦੀ ਵਿਅਕਤੀਗਤ ਖੇਤੀਯੋਗ ਜ਼ਮੀਨ ਨਹੀਂ ਮੰਨਿਆ ਜਾ ਸਕਦਾ । ਜਾਣਕਾਰੀ ਅਨੁਸਾਰ ਡੇਰੇ ਕੋਲ ਕਰੀਬ 800 ਏਕੜ ਜ਼ਮੀਨ ਤਾਂ ਹੈ ਪਰ ਸੌਦਾ ਸਾਧ ਦੇ ਨਾਮ ਨਹੀਂ ਉਹ ਟਰੱਸਟ ਦੇ ਨਾਮ ਹੈ ਜਿਸ ਵਿਚੋਂ ਕਰੀਬ 260 ਏਕੜ ਜ਼ਮੀਨ ਖੇਤੀਬਾੜੀ ਲਾਇਕ ਹੈ ।ਰੋਹਤਕ ਦੇ ਜੇਲ ਸੁਪਰਡੈਂਟ ਵਲੋਂ ਇਸ ਸਬੰਧ ਵਿਚ ਸਿਰਸਾ ਦੇ ਡਿਪਟੀ ਕਮਿਸ਼ਨਰ ਕੋਲੋਂ ਰੀਪੋਰਟ ਮੰਗੀ ਹੈ ਤੇ ਪੁਛਿਆ ਗਿਆ ਹੈ ਕਿ ਕੀ ਕੈਦੀ ਸੌਦਾ ਸਾਧ ਨੂੰ ਪੈਰੋਲ ਦੇਣਾ ਉਚਿਤ ਹੋਵੇਗਾ ਜਾਂ ਨਹੀਂ?

ਸੌਦਾ ਸਾਧ ਸਾਧਵੀ ਯੋਨ ਸ਼ੋਸ਼ਣ ਮਾਮਲੇ ਅਤੇ ਛੱਤਰਪਤੀ ਕਤਲ ਕਾਂਡ ਅਤੇ ਦੋ ਹੋਰ ਸੰਗੀਨ ਮਾਮਲਿਆਂ ਵਿਚ ਵੀਹ ਸਾਲ ਲਈ ਰੋਹਤਕ ਦੀ ਸੁਨਾਰੀਆ ਜੇਲ ਵਿਚ ਦੋ ਸਾਲ ਤੋਂ ਬੰਦ ਹੈ ਹੁਣ ਉਸ ਨੇ ਨਵਾਂ ਕੌਤਕ ਖੇਡਦਿਆਂ ਅਪਣੀ ਸਿਰਸਾ ਸਥਿਤ ਜ਼ਮੀਨ ਉਤੇ ਖੇਤੀ ਕਰਨ ਲਈ ਸਰਕਾਰ ਤੋਂ ਪੈਰੋਲ ਮੰਗੀ ਹੈ।