ਵਿਧਾਨ ਸਭਾ 'ਚ ਮਨਪ੍ਰੀਤ ਬਾਦਲ ਨੇ ਵੀ ਅਕਾਲੀਆਂ ਨੂੰ ਆੜੇ ਹੱਥੀਂ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ 'ਤੇ ਬਹਿਸ ਦੌਰਾਨ ਬੋਲਦਿਆਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਸਦਨ ਵਿਚ ਮੌਜੂਦ ਮੇਰੇ ਤੋਂ ਪਹਿਲਾਂ...

Punjab finance minister Manpreet Badal

ਚੰਡੀਗੜ੍ਹ : ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ 'ਤੇ ਬਹਿਸ ਦੌਰਾਨ ਬੋਲਦਿਆਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਸਦਨ ਵਿਚ ਮੌਜੂਦ ਮੇਰੇ ਤੋਂ ਪਹਿਲਾਂ ਬੋਲਣ ਵਾਲਿਆਂ ਨੇ ਸਾਰਾ ਕੁੱਝ ਭਾਵੇਂ ਬਿਆਨ ਕਰ ਦਿਤਾ ਹੈ, ਮੈਂ ਉਨ੍ਹਾਂ ਗੱਲਾਂ ਨੂੰ ਦੁਹਰਾਉਣਾ ਨਹੀਂ ਚਾਹਾਂਗਾ ਪਰ ਮੈਂ ਇਕ ਵਾਕਿਆ ਦੀ ਗੱਲ ਜ਼ਰੂਰ ਕਰਾਂਗਾ। ਉਨ੍ਹਾਂ ਕਿਹਾ ਕਿ ਅੱਜ ਤੋਂ ਚਾਲੀ ਸਾਲ ਪਹਿਲਾਂ ਇਕ ਵਾਕਿਆ ਹੋਇਆ, 13 ਅਪ੍ਰੈਲ 1978 ਨੂੰ ਹੋਇਆ ਨਿੰਰਕਾਰੀ ਕਾਂਡ।

ਉਸ ਮੌਕੇ ਸਮੇਂ ਦੇ ਅਫ਼ਸਰਾਂ ਨੇ ਅਕਾਲੀ ਸਰਕਾਰ ਨੂੰ ਇਸ ਸਮਾਗਮ ਸਬੰਧੀ ਬਾਦਲ ਸਾਬ੍ਹ ਨੂੰ ਸਲਾਹ ਦਿਤੀ ਸੀ ਕਿ ਨਿਰੰਕਾਰੀਆਂ ਦਾ ਸਮਾਗਮ ਬਾਹਰ ਕਿਧਰੇ ਕਰਵਾ ਦਿਓ ਪਰ ਫਿਰ ਵੀ ਬਾਦਲ ਸਾਬ੍ਹ ਨੇ ਸਮਾਗਮ ਨੂੰ ਅੰਮ੍ਰਿਤਸਰ ਵਿਚ ਕਰਵਾਇਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਸਮੇਂ 13 ਅਪ੍ਰੈਲ ਨੂੰ ਸਮਾਗਮ ਹੋ ਰਿਹਾ ਹੋਵੇ ਅਤੇ ਉਥੋਂ ਦਾ ਡੀਸੀ ਲਾਪਤਾ ਸੀ, ਐਸਐਸਪੀ ਆਊਟ ਆਫ਼ ਸਟੇਸ਼ਨ ਸੀ, ਐਸਪੀ ਸਿਟੀ ਗੈਰ ਹਾਜ਼ਰ ਅਤੇ ਹੋਰ ਅਫ਼ਸਰ ਵੀ ਸਮਾਗਮ ਤੋਂ ਨਦਾਰਦ ਸਨ ਪਰ ਆਖ਼ਰ ਹੋਇਆ ਕੀ, ਕਈ ਲੋਕਾਂ ਦੀ ਇਸ ਸਮਾਗਮ ਦੌਰਾਨ ਮੌਤ ਹੋ ਗਈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਕਿਸੇ ਸੋਚੀ ਸਮਝੀ ਸਾਜਿਸ਼ ਤਹਿਤ ਸੀ।

ਉਨ੍ਹਾਂ ਆਖਿਆ ਕਿ ਮੈਂ ਜੱਜ ਸਾਬ੍ਹ ਨੂੰ ਮੁਬਾਰਕਵਾਦ ਦੇਵਾਂਗਾ, ਜਿਨ੍ਹਾਂ ਨੇ ਇਸ ਰਿਪੋਰਟ ਨੂੰ ਬਣਾਇਆ, ਸੱਚ ਨੂੰ ਉਜਾਗਰ ਕੀਤਾ। ਉਨ੍ਹਾਂ ਆਖਿਆ ਕਿ ਇਸ ਦੇ ਲਈ ਮੈਂ ਵਿਸ਼ੇਸ਼ ਤੌਰ 'ਤੇ ਜੱਜ ਸਾਬ੍ਹ ਅਤੇ ਮੀਡੀਆ ਨੂੰ ਧੰਨਵਾਦ ਦੇਣਾ ਚਾਹਾਂਗਾ। ਉਨ੍ਹਾਂ ਫਿਰ ਵਾਕਿਆ ਦੀ ਗੱਲ ਕਰਦਿਆਂ ਆਖਿਆ ਕਿ ਜੇਕਰ ਅਕਾਲੀ ਸਰਕਾਰ ਨੇ ਉਸ ਸਮੇਂ ਕੋਈ ਕਾਰਵਾਈ ਕੀਤੀ ਤਾਂ ਸ਼ਾਇਦ ਉਹ ਕਤਲੇਆਮ ਨਾ ਹੁੰਦਾ। 

ਇਸ ਤੋਂ ਬਾਅਦ ਉਨ੍ਹਾਂ ਨੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਬੋਲਦਿਆਂ ਆਖਿਆ ਕਿ ਕਦੇ ਅਕਾਲੀਆਂ ਨੇ ਸੋਚਿਆ ਹੈ ਕਿ ਜਿਨ੍ਹਾਂ ਦੇ ਪੁੱਤ ਮਰੇ ਹਨ, ਉਨ੍ਹਾਂ ਦੀਆਂ ਰਾਤਾਂ ਕਿਵੇਂ ਗੁਜ਼ਰਦੀਆਂ ਹਨ, ਉਨ੍ਹਾਂ ਨੂੰ ਨੀਂਦ ਕਿਵੇਂ ਆਉਂਦੀ ਹੋਵੇਗੀ? ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਸਰਕਾਰ ਨੇ ਗੁਰੂ ਸਾਹਿਬ ਦੇ ਦੋਸ਼ੀਆਂ 'ਤੇ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਪੰਜਾਬ ਵਿਚ ਇੰਨਾ ਕੁੱਝ ਨਾ ਵਾਪਰਦਾ। ਉਨ੍ਹਾਂ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਬਾਵਜੂਦ ਇਸ ਤੋਂ ਵੱਡੀ ਪੰਜਾਬ ਲਈ ਗੱਲ ਨਹੀਂ ਹੋ ਸਕਦੀ ਕਿ ਪੰਜਾਬ ਦੇ ਲੋਕਾਂ ਨੇ ਕਾਨੂੰਨ ਨੂੰ  ਕਦੇ ਗਾਲ ਨਹੀਂ ਕੱਢੀ, ਪੰਜਾਬ ਦੇ ਲੋਕਾਂ ਨੇ ਇਨਸਾਫ਼ ਦੀ ਉਮੀਦ ਨਹੀਂ ਛੱਡੀ, ਪੰਜਾਬ ਦੇ ਲੋਕਾਂ ਨੇ ਸਦਾ ਸਹਿਣਸ਼ੀਲਤਾ ਬਣਾਈ ਰੱਖੀ।

ਉਨ੍ਹਾਂ ਆਖਿਆ ਕਿ ਜਿਹੜੇ ਅੱਜ ਮੈਦਾਨ ਛੱਡ ਕੇ ਭੱਜ ਗਏ ਉਨ੍ਹਾਂ ਨੂੰ ਚਾਹੀਦਾ ਸੀ ਕਿ ਜੇਕਰ ਉਨ੍ਹਾਂ ਦਾ ਇਸ ਘਟਨਾ ਵਿਚ ਕੋਈ ਹੱਥ ਨਹੀਂ, ਜੇਕਰ ਉਨ੍ਹਾਂ ਇਸ ਕਤਲੇਆਮ ਦੀ ਕੋਈ ਸਾਜਿਸ਼ ਨਹੀਂ ਕੀਤੀ ਤਾਂ ਉਨ੍ਹਾਂ ਇਸ ਸਦਨ ਵਿਚ ਬੈਠਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ, ਕਦੇ ਉਨ੍ਹਾਂ ਨੇ ਸੋਚਿਆ ਸੀ ਕਿ ਸਾਡੇ ਇਹ ਹਾਲਾਤ ਹੋਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜੋ ਉਸ ਸਮੇਂ ਗ੍ਰਹਿ ਮੰਤਰੀ ਸਨ, ਦੀ ਇਹ ਬੁਜ਼ਦਿਲੀ ਹੈ ਕਿ ਉਹ ਸਦਨ ਤੋਂ ਗ਼ੈਰ ਹਾਜ਼ਰ ਹਨ। ਉਨ੍ਹਾਂ ਨੂੰ ਸਦਨ ਵਿਚ ਬੈਠਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਐਸਜੀਪੀਸੀ ਅਕਾਲੀਆਂ ਦੇ ਹੱਥ ਦੀ ਛੜੀ ਹੈ, ਜਿਸ ਦੇ ਜ਼ਰੀਏ ਅਕਾਲੀ ਦਲ ਸਿੱਖਾਂ ਨੂੰ ਗੁਮਰਾਹ ਕਰਦਾ ਹੈ ਅਤੇ ਲੋਕ ਸਿੱਧੇ ਸਾਦੇ ਹਨ ਜੋ ਇਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਬੇਨਤੀ ਕੀਤੀ ਕਿ ਇਸ ਮਾਮਲੇ ਨਾਲ ਜੁੜੇ ਜਿਹੜੇ ਵੀ ਗਵਾਹ ਹਨ, ਉਨ੍ਹਾਂ ਨੂੰ ਇਸ ਤਰੀਕੇ ਨਾਲ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕਿਸੇ ਕਾਨੂੰਨੀ ਕਾਰਵਾਈ ਲਈ ਉਨ੍ਹਾਂ ਨੂੰ ਪੇਸ਼ ਕਰਨ ਵਿਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਹੋਰ ਗੁਰੂ ਸਾਹਿਬਾਨ ਦੀ ਕੋਈ ਬੇਇੱਜ਼ਤੀ ਕਰਦਾ ਹੈ ਤਾਂ ਇਹ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।