ਲੁਧਿਆਣਾ ਸਿਵਲ ਹਸਪਤਾਲ ’ਚ ਲਾਪਰਵਾਹੀ! ਮਰੀਜ਼ ਦੀ ਸਟ੍ਰੈਚਰ ਤੋਂ ਡਿੱਗਣ ਕਾਰਨ ਮੌਤ
ਕਰੀਬ 3 ਘੰਟੇ ਫਰਸ਼ ’ਤੇ ਲਾਵਾਰਸ ਪਈ ਰਹੀ ਦੇਹ
ਲੁਧਿਆਣਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਚ ਸਟਾਫ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਥੇ ਬੀਤੀ ਸ਼ਾਮ ਇਕ ਮਰੀਜ਼ ਦੀ ਸਟ੍ਰੈਚਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਉਸ ਨੂੰ 3 ਘੰਟੇ ਤਕ ਕਿਸੇ ਨੇ ਨਹੀਂ ਦੇਖਿਆ। ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਸੜਕ ਹਾਦਸੇ ਵਿਚ ਜ਼ਖ਼ਮੀ ਇਕ 40-45 ਸਾਲਾ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਹ ਮਰੀਜ਼ ਬਿਨਾਂ ਪਛਾਣ ਵਾਲੇ ਵਾਰਡ ਵਿਚ ਸੀ।
ਇਹ ਵੀ ਪੜ੍ਹੋ: ਅਮਰੂਦ ਬਾਗ਼ ਘੁਟਾਲੇ ਨੂੰ ਠੰਢੇ ਬਸਤੇ ’ਚ ਪਾਉਣ ਦੀ ਤਿਆਰੀ! ਜਾਂਚ ਵਿਚਾਲੇ ਸੜਕ ਬਣਾਉਣ ਲਈ ਲਗਾਇਆ ਟੈਂਡਰ
ਇਸ ਦੌਰਾਨ ਮਰੀਜ਼ ਸਟ੍ਰੈਚਰ ਤੋਂ ਹੇਠਾਂ ਡਿੱਗ ਗਿਆ, ਕਰੀਬ 3 ਘੰਟੇ ਤਕ ਉਸ ਨੂੰ ਕਿਸੇ ਨੇ ਨਹੀਂ ਦੇਖਿਆ। ਇਸ ਮਗਰੋਂ ਡਿਊਟੀ ਬਦਲਣ ਤੋਂ ਬਾਅਦ ਜਦੋਂ ਅਗਲਾ ਵਾਰਡ ਪਹੁੰਚਿਆ ਤਾਂ ਉਸ ਨੇ ਦੇਹ ਫਰਸ਼ ਉਤੇ ਪਈ ਦੇਖੀ। ਇਸ ਮਾਮਲੇ ਵਿਚ ਐਮਰਜੈਂਸੀ ਵਿਚ ਡਿਊਟੀ ’ਤੇ ਤਾਇਨਾਤ ਮਹਿਲਾ ਡਾਕਟਰ ਨੇ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿਤਾ। ਜਦਕਿ ਵਾਰਡ ਤੋਂ ਕਰੀਬ 4 ਕਦਮ ਦੀ ਦੂਰੀ ਉਤੇ ਹੀ ਨਰਸਾਂ ਦੀ ਰਿਸੈਪਸ਼ਨ ਹੈ। ਜਦੋਂ ਇਸ ਸਬੰਧੀ ਨਰਸ ਨੂੰ ਪੁਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ 10 ਮਿੰਟ ਪਹਿਲਾਂ ਹੀ ਪਹੁੰਚੀ ਹੈ, ਉਸ ਨੂੰ ਕੋਈ ਜਾਣਕਾਰੀ ਨਹੀਂ।
ਇਹ ਵੀ ਪੜ੍ਹੋ: 5 ਘੰਟਿਆਂ 'ਚ 2 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ; ਟੈਸਟ ਵਿਚ ਘੱਟ ਨੰਬਰਾਂ ਤੋਂ ਪਰੇਸ਼ਾਨ ਸਨ ਦੋਵੇਂ ਵਿਦਿਆਰਥੀ
ਦਸਿਆ ਜਾ ਰਿਹਾ ਹੈ ਕਿ ਵਿਅਕਤੀ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ। ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸ.ਐਮ.ਓ. ਮਨਦੀਪ ਕੌਰ ਸੰਧੂ ਨੇ ਕਿਹਾ ਕਿ ਮਾਮਲਾ ਗੰਭੀਰ ਹੈ। ਲਾਪਰਵਾਹੀ ਵਰਤਣ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਉਹ ਮਾਮਲੇ ਦੀ ਜਾਂਚ ਕਰਵਾ ਰਹੇ ਹਨ।