ਕੌਣ ਹੈ ਮਾਤਾ ਚੰਦ ਕੌਰ ਕਤਲ ਮਾਮਲੇ 'ਚ ਫੜਿਆ ਪਹਿਲਾ ਮੁਲਜ਼ਮ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

3 ਸਾਲ ਤੋਂ ਅਣਸੁਲਝੀ ਗੁੱਥੀ ਬਣਿਆ ਹੋਇਆ ਸੀ ਕਤਲ ਕੇਸ, 4 ਅਪ੍ਰੈਲ 2016 ਨੂੰ ਹੋਇਆ ਸੀ ਮਾਤਾ ਚੰਦ ਕੌਰ ਦਾ ਕਤਲ

Mata Chand Kaur

ਪੰਜਾਬ- ਨਾਮਧਾਰੀ ਸੰਪਰਦਾ ਦੇ ਮੁਖੀ ਰਹੇ ਸਵਰਗੀ ਸਤਿਗੁਰੂ ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਚੰਦ ਕੌਰ ਦੇ ਕਤਲ ਮਾਮਲੇ ਵਿਚ ਸੀਬੀਆਈ ਨੇ ਲਗਭਗ ਤਿੰਨ ਸਾਲਾਂ ਬਾਅਦ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਸੀਬੀਆਈ ਨੇ ਇਸ ਮਾਮਲੇ ਵਿਚ ਪਲਵਿੰਦਰ ਸਿੰਘ ਡਿੰਪਾ ਨਾਂਅ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ ਜੋ ਜਲੰਧਰ ਟਿਫ਼ਨ ਕਾਰ ਬੰਬ ਧਮਾਕਾ ਮਾਮਲੇ ਵਿਚ ਪਹਿਲਾਂ ਤੋਂ ਹੀ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਬੰਦ ਹੈ।

ਬੀਤੇ ਦਿਨ ਮੋਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡਿੰਪਾ ਨੂੰ 30 ਸਤੰਬਰ ਤਕ ਰਿਮਾਂਡ 'ਤੇ ਭੇਜ ਦਿੱਤਾ। ਮਾਮਲਾ 4 ਅਪ੍ਰੈਲ 2016 ਦਾ ਹੈ। ਲੁਧਿਆਣਾ ਤੋਂ 30 ਕਿਲੋਮੀਟਰ ਦੂਰ ਸਥਿਤ ਭੈਣੀ ਸਾਹਿਬ ਵਿਚ ਮਾਤਾ ਚੰਦ ਕੌਰ ਆਪਣੇ ਡਰਾਈਵਰ ਨਾਲ ਸਕੂਲ ਦਾ ਦੌਰਾ ਕਰਕੇ ਵਾਪਸ ਆ ਰਹੇ ਸਨ। ਇੰਨੇ ਨੂੰ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਮੱਥਾ ਟੇਕਣ ਦੇ ਬਹਾਨੇ ਮਾਤਾ ਚੰਦ ਕੌਰ ਨੂੰ ਗੋਲੀ ਮਾਰ ਦਿਤੀ ਸੀ। ਇਸ ਮਗਰੋਂ ਮਾਤਾ ਚੰਦ ਕੌਰ ਨੂੰ ਗੰਭੀਰ ਹਾਲਤ ਵਿਚ ਐੱਸਪੀਐੱਸ ਹਸਪਤਾਲ ਲੁਧਿਆਣਾ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿਤਾ ਸੀ।

ਇਸ ਹਾਈਪ੍ਰੋਫਾਈਲ ਕਤਲ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ ਸਨ।  ਪੰਜਾਬ ਸਰਕਾਰ ਵੱਲੋਂ ਕਤਲ ਕਾਂਡ ਦੀ ਜਾਂਚ ਸੀਬੀਆਈ ਦੇ ਸਪੁਰਦ ਕਰ ਦਿਤੀ ਗਈ ਸੀ ਪਰ ਪਿਛਲੇ ਤਿੰਨ ਸਾਲਾਂ ਤੋਂ ਇਹ ਕੇਸ ਇਕ ਅਣਸੁਲਝੀ ਗੁੱਥੀ ਬਣਿਆ ਹੋਇਆ ਸੀ। ਇਸ ਮਾਮਲੇ ਵਿਚ ਫੜਿਆ ਇਕੋ ਇਕ ਮੁਲਜ਼ਮ ਪਲਵਿੰਦਰ ਸਿੰਘ ਉਰਫ਼ ਡਿੰਪੀ। ਪਲਵਿੰਦਰ ਸਿੰਘ ਉਰਫ ਡਿੰਪੀ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਦਸੰਬਰ 2015 ਵਿਚ ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਦੁੱਗਰੀ 'ਚ ਹੋਏ ਟਿਫਿਨ ਬੰਬ ਧਮਾਕੇ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ।

ਪੁਲਿਸ ਨੇ ਉਸ ਨੂੰ ਅਕਤੂਬਰ 2018 ਵਿਚ ਬੈਂਕਾਕ ਤੋਂ ਗ੍ਰਿਫ਼ਤਾਰ ਕੀਤਾ ਸੀ ਕਿਉਂਕਿ ਧਮਾਕਿਆਂ ਨੂੰ ਅੰਜ਼ਾਮ ਦੇਣ ਮਗਰੋਂ ਉਹ ਕਥਿਤ ਤੌਰ 'ਤੇ ਬੈਂਕਾਕ ਚਲਾ ਗਿਆ ਸੀ। ਬੈਂਕਾਕ ਤੋਂ ਗ੍ਰਿਫ਼ਤਾਰ ਕਰਨ ਮਗਰੋਂ ਡਿੰਪੀ ਨੂੰ ਭਾਰਤ ਲਿਆਂਦਾ ਗਿਆ। ਦੋ ਦਿਨ ਦਿੱਲੀ ਵਿਚ ਰੱਖਣ ਮਗਰੋਂ ਉਸ ਨੂੰ ਡੀਐੱਸਪੀ ਰਾਜਬੀਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਸੀਬੀਆਈ ਦੀ ਇਕ ਟੀਮ ਉਸ ਨੂੰ 'ਝੂਠ-ਫੜਨ ਦਾ ਟੈਸਟ' ਕਰਨ ਲਈ ਚੰਡੀਗੜ੍ਹ ਲੈ ਆਈ ਸੀ। ਦਰਅਸਲ ਡਿੰਪੀ ਵੱਲੋਂ 25 ਦਸੰਬਰ 2015 ਨੂੰ ਜਿਹੜੇ ਟਿਫ਼ਨ ਬੰਬ ਲਿਆਂਦੇ ਗਏ ਸਨ।

ਉਹ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ 'ਤੇ ਵਰਤੇ ਜਾਣੇ ਸਨ। ਜਿਨ੍ਹਾਂ ਦਾ ਹਰਿ ਵੱਲਭ ਸੰਗੀਤ ਸੰਮੇਲਨ ਜਲੰਧਰ ਵਿਚ ਇਕ ਪ੍ਰੋਗਰਾਮ ਸੀ ਪਰ ਬੰਬਾਂ ਨੂੰ ਜਲੰਧਰ ਰਵਾਨਾ ਕਰਨ ਸਮੇਂ ਉਹ ਸੰਮੇਲਨ ਤੋਂ ਦੋ ਦਿਨ ਪਹਿਲਾਂ ਹੀ ਫਟ ਗਏ ਸਨ।  ਜਲੰਧਰ ਦਿਹਾਤੀ ਪੁਲਿਸ ਵੱਲੋਂ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿਚ ਵੀ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਸੀ ਹੁਣ ਜਦੋਂ ਸੀਬੀਆਈ ਨੇ ਤਿੰਨ ਸਾਲਾਂ ਦੀ ਡੂੰਘੀ ਜਾਂਚ ਤੋਂ ਬਾਅਦ ਸੀਬੀਆਈ ਨੇ ਪਲਵਿੰਦਰ ਸਿੰਘ ਡਿੰਪੀ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਹੈ ਤਾਂ ਦੇਖਣਾ ਹੋਵੇਗਾ ਕਿ ਪਲਵਿੰਦਰ ਡਿੰਪੀ ਤੋਂ ਪੁੱਛਗਿੱਛ ਦੌਰਾਨ ਹੋਰ ਕੀ ਕੁੱਝ ਸਾਹਮਣੇ ਆਉਂਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।