ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਆਬਾਦ ਹੋਈ 70 ਸਾਲ ਪੁਰਾਣੀ ਮਸਜਿਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

70 ਮਗਰੋਂ ਮਸਜਿਦ ਵਿਚ ਅਦਾ ਕੀਤੀ ਗਈ ਨਮਾਜ਼

old masjid abaad

ਮਲੇਰਕੋਟਲਾ: ਰਾਏਕੋਟ ਦੇ ਪਿੰਡ ਤੁੰਗਾਹੇੜੀ ਵਿਚ ਉਸ ਸਮੇਂ ਸਿੱਖ-ਮੁਸਲਿਮ ਭਾਈਚਾਰੇ ਦੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਪਿੰਡ ਦੇ ਸਿੱਖ ਭਾਈਚਾਰੇ ਨੇ ਪਿੰਡ ਵਿਚ ਆਜ਼ਾਦੀ ਤੋਂ ਪਹਿਲਾਂ ਦੀ ਬਣੀ ਇਕ ਬੇਆਬਾਦ ਮਸਜਿਦ ਨੂੰ ਮੁਸਲਿਮ ਭਾਈਚਾਰੇ ਨੂੰ ਸੌਂਪ ਦਿੱਤਾ। ਮਲੇਰਕੋਟਲਾ ਤੋਂ ਰਾਏਕੋਟ ਰੋਡ 'ਤੇ ਸਥਿਤ ਇਸ ਪਿੰਡ ਵਿਚ ਸਿਰਫ਼ ਇਕ ਘਰ ਹੀ ਮੁਸਲਮਾਨਾਂ ਦਾ ਸੀ, ਜਿਸ ਕਰਕੇ ਇਹ ਮਸਜਿਦ ਪਿਛਲੇ ਕਰੀਬ 70 ਸਾਲਾਂ ਤੋਂ ਬੇਆਬਾਦ ਅਤੇ ਵਿਰਾਨ ਪਈ ਸੀ।

ਹੁਣ ਇਸ ਮਸਜਿਦ ਨੂੰ ਪਿੰਡ ਦੇ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਮੌਲਾਨਾ ਮੁਜ਼ਤਵਾ ਯਜ਼ਦਾਨੀ ਵੱਲੋਂ ਮੁੜ ਤੋਂ ਆਬਾਦ ਕੀਤਾ ਗਿਆ ਏ ਅਤੇ ਆਜ਼ਾਦੀ ਤੋਂ ਬਾਅਦ ਕਰੀਬ 70 ਸਾਲ ਮਗਰੋਂ ਇਸ ਮਸਜਿਦ ਵਿਚ ਮੁੜ ਤੋਂ ਨਮਾਜ਼ ਅਦਾ ਕੀਤੀ ਗਈ।

ਇਸ ਮੌਕੇ ਬੋਲਦਿਆਂ ਮੌਲਾਨਾ ਸਮੇਤ ਪਿੰਡ ਦੇ ਹੋਰ ਮੋਹਤਬਰ ਵਿਅਕਤੀਆਂ ਸਰਪੰਚ ਮਹਿੰਦਰ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਧਾਲੀਵਾਲ, ਨੰਬਰਦਾਰ ਮਾਨ ਸਿੰਘ, ਸੁਖਵਿੰਦਰ ਸਿੰਘ ਸਾਬਕਾ ਪੰਚ ਨੇ ਕਿਹਾ ਕਿ ਇਸ ਮਸਜਿਦ ਦੇ ਆਬਾਦ ਹੋਣ ਨਾਲ ਸਿੱਖ ਮੁਸਲਿਮ ਭਾਈਚਾਰੇ ਦੀ ਮਿਸਾਲ ਕਾਇਮ ਹੋਈ ਹੈ, ਜਿਸ ਨੂੰ ਹਮੇਸ਼ਾਂ ਕਾਇਮ ਰੱਖਿਆ ਜਾਵੇਗਾ। ਫਿਲਹਾਲ ਇਸ ਮਸਜਿਦ ਦੇ ਆਬਾਦ ਹੋਣ ਤੋਂ ਬਾਅਦ ਹੁਣ ਮੁਸਲਿਮ ਅਤੇ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।