ਕੈਪਟਨ ਦੀ ਵਾਪਸੀ ਮਗਰੋਂ ਚੰਨੀ ਵਿਰੁਧ ਕਾਰਵਾਈ ਸੰਭਵ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀ ਦਾ ਖ਼ੇਮਾ ਘਬਰਾਹਟ ਵਿਚ, ਪੁਰਾਣੇ ਕਿੱਸੇ ਫਰੋਲਣ ਲੱਗੇ ਵਿਰੋਧੀ.........

Charanjit Singh Channi

ਚੰਡੀਗੜ੍ਹ  : ਪੰਜਾਬ ਦੀ ਸਿਆਸਤ ਜੋ ਪਿਛਲੇ ਚਾਰ ਮਹੀਨਿਆਂ ਤੋਂ ਬੇਅਦਬੀ ਦੇ ਮਾਮਲਿਆਂ ਕਾਰਨ ਅਕਾਲੀ ਦਲ ਦੇ ਟੀਸੀ ਦੇ ਨੇਤਾਵਾਂ ਵਿਰੁਧ ਕਾਫ਼ੀ ਗਰਮਾਈ ਹੋਈ ਸੀ, ਪਿਛਲੇ ਹਫ਼ਤੇ ਦੁਸਹਿਰੇ ਵਾਲੀ ਸ਼ਾਮ ਅੰਮ੍ਰਿਤਸਰ ਰੇਲ ਲਾਈਨ 'ਤੇ ਦੁਖਾਂਤ ਵਰਤਣ 'ਤੇ ਨਵਜੋਤ ਸਿੱਧੂ ਜੋੜੇ ਵਲ ਘੁੰਮ ਗਈ ਅਤੇ ਹੁਣ ਛੇਤੀ ਕਰਵਟ ਲੈ ਕੇ ਕੈਬਨਿਟ ਮੰਤਰੀ ਚਰਨਜੀਤ ਚੰਨੀ 'ਤੇ ਕੇਂਦਰਿਤ ਹੋ ਗਈ ਹੈ। ਕਾਂਗਰਸ ਦੇ ਅੰਦਰੂਨੀ ਸੂਤਰਾਂ ਮੁਤਾਬਕ ਚੰਨੀ ਦੇ ਵਿਰੋਧੀਆਂ ਨੇ ਪਿਛਲੇ ਸਾਲ ਦੀ ਕੋਈ ਪੁਰਾਣੀ ਘਟਨਾ ਦਾ ਵੇਰਵਾ ਸੋਸ਼ਲ ਮੀਡੀਆ 'ਤੇ ਪਾ ਦਿਤਾ ਅਤੇ ਨਾਲ ਦੀ ਨਾਲ ਮੁੱਖ ਮੰਤਰੀ ਨੇ ਘਟਨਾ ਸਬੰਧੀ ਸਫ਼ਾਈ ਵੀ ਦੇ ਦਿਤੀ।

ਉਨ੍ਹਾਂ ਕਹਿ ਦਿਤਾ ਕਿ ਮਾਮਲਾ ਹੱਲ ਕੀਤਾ ਜਾ ਚੁਕਾ ਹੈ, ਮਹਿਲਾ ਆਈ.ਏ.ਐਸ. ਅਧਿਕਾਰੀ ਨੂੰ ਹੁਣ ਕੋਈ ਗੁੱਸਾ ਜਾਂ ਸ਼ਿਕਾਇਤ ਨਹੀਂ ਹੈ। ਆਈ.ਏ.ਐਸ. ਅਧਿਕਾਰੀਆਂ ਦਾ ਅੰਦਰਖਾਤੇ ਕਹਿਣਾ ਹੈ ਕਿ ਇਜ਼ਰਾਈਲ ਤੇ ਤੁਰਕੀ ਦੇਸ਼ਾਂ ਵਿਚ ਵਿਦੇਸ਼ੀ ਦੌਰੇ 'ਤੇ ਗਏ ਅਮਰਿੰਦਰ ਸਿੰਘ ਨੇ ਹਾਲ ਦੀ ਘੜੀ ਮਾਮਲੇ ਨੂੰ ਸ਼ਾਂਤ ਕਰਨ ਲਈ ਸਫ਼ਾਈ ਦੇ ਦਿਤੀ ਹੈ ਅਤੇ ਇਹ ਬਿਆਨ ਦੇਣ ਤੋਂ ਪਹਿਲਾਂ ਅਜਕਲ ਬਤੌਰ ਚੋਣ ਆਬਜ਼ਰਵਰ ਡਿਊਟੀ 'ਤੇ ਤੈਨਾਤ ਇਸ ਮਹਿਲਾ ਸੀਨੀਅਰ ਅਧਿਕਾਰੀ ਦੀ ਸਲਾਹ ਵੀ ਲੈ ਲਈ ਸੀ। ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਮੁਤਾਬਕ ਇਹ ਮੁੱਦਾ ਮੰਤਰੀ ਵਲੋਂ ਮਾਫ਼ੀ ਮੰਗੇ ਜਾਣ ਮਗਰੋਂ ਹੀ ਖ਼ਤਮ ਹੋ ਗਿਆ ਸੀ।

ਇਕ ਪਾਸੇ ਚੰਨੀ ਦੇ ਖ਼ੇਮੇ ਵਿਚ ਘਬਰਾਹਟ ਛਾਈ ਹੋਈ ਹੈ ਕਿ ਕਿਤੇ ਮੁੱਖ ਮੰਤਰੀ ਦੇ ਆਉਣ ਮਗਰੋਂ ਮੰਤਰੀ ਦੀ ਗੱਦੀ ਨਾ ਖੁੱਸ ਜਾਵੇ, ਦੂਜੇ ਪਾਸੇ ਰਿਜ਼ਰਵ ਕੋਟੇ ਦੇ ਸੀਨੀਅਰ ਕਾਂਗਰਸੀ ਵਿਧਾਇਕ, ਦਿੱਲੀ ਹਾਈ ਕਮਾਂਡ ਨਾਲ ਗਿਟਮਿਟ ਕਰਨ ਲੱਗ ਪਏ ਹਨ ਅਤੇ ਚੰਨੀ ਦੇ ਮਾੜੇ ਕਿਰਦਾਰ ਦੇ ਪੁਰਾਣੇ ਕਿੱਸੇ ਕਾਂਗਰਸੀ ਨੇਤਾਵਾਂ ਕੋਲ ਫਰੋਲਣ ਲੱਗ ਪਏ ਹਨ। ਵਿਰੋਧੀ ਧਿਰ 'ਆਪ' ਦੇ ਆਗੂਆਂ ਤੇ ਅਕਾਲੀ ਦਲ-ਬੀਜੇਪੀ ਦੇ ਲੀਡਰਾਂ ਨੂੰ ਬਣਿਆ ਬਣਾਇਆ ਮੁੱਦਾ ਮਿਲ ਗਿਆ ਹੈ ਤੇ ਉਨ੍ਹਾਂ ਨੇ ਮੀਡੀਆ ਵਿਚ ਇਸ ਮੁੱਦੇ ਨੂੰ ਹੋਰ ਗਰਮਾ ਦਿਤਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਨੇਤਾ, ਚਰਨਜੀਤ ਚੰਨੀ 'ਤੇ ਲੱਗੇ ਸੰਗੀਨ ਦੋਸ਼ਾਂ 'ਤੇ ਪਰਦਾ ਪਾ ਰਹੇ ਹਨ। ਬੀਜੇਪੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਪਣਾ ਮੰਤਰੀ ਪਿਆਰਾ ਹੈ ਤੇ ਸਵੈ-ਮਾਣ ਵਾਲੀ ਆਈ.ਏ.ਐਸ. ਸੀਨੀਅਰ ਅਧਿਕਾਰੀ ਦੀ ਇੱਜ਼ਤ ਪਿਆਰੀ ਨਹੀਂ। ਸਿਆਸੀ ਮਾਹਰਾਂ ਦਾ ਵਿਚਾਰ ਹੈ ਕਿ ਕਾਂਗਰਸ ਸਰਕਾਰ ਤੇ ਇਸ ਦੇ ਮੰਤਰੀ ਦੇ ਕਿਰਦਾਰ ਵਿਰੁਧ ਇਹ ਸੋਸ਼ਲ ਮੀਡੀਆ 'ਚ ਉਠਿਆ ਮੁੱਦਾ ਛੇਤੀ ਨਹੀਂ ਖ਼ਤਮ ਹੋਵੇਗਾ ਅਤੇ ਨਾ ਹੀ ਵਿਰੋਧੀ ਧਿਰਾਂ ਠੰਢਾ ਪੈਣ ਦੇਣਗੀਆਂ ਜਿਸ ਨਾਲ ਮੁੱਖ ਮੰਤਰੀ ਦੀ ਅਪਣੀ ਸਾਖ ਹੀ ਵਿਗੜਨੀ ਸ਼ੁਰੂ ਹੋ ਜਾਣ ਦਾ ਡਰ ਬਣ ਜਾਵੇਗਾ।

Related Stories