ਕੈਪਟਨ ਅਮਰਿੰਦਰ ਸਿੰਘ ਵਲੋਂ ਰੇਲ ਹਾਦਸੇ ਦੇ ਪੀੜਤਾਂ ਦਾ ਸਮਾਜਿਕ-ਆਰਥਿਕ ਬਿਓਰਾ ਤਿਆਰ ਕਰਨ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੇਲ ਹਾਦਸੇ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਛੇਤੀ ਅਤੇ ਲੋੜ ਅਧਾਰਿਤ ਹੱਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ...

Capt Amarinder Singh orders to create social-economic figures of victims

ਚੰਡੀਗੜ੍ਹ (ਸਸਸ) : ਰੇਲ ਹਾਦਸੇ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਛੇਤੀ ਅਤੇ ਲੋੜ ਅਧਾਰਿਤ ਹੱਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਹਰੇਕ ਪੀੜਤ ਦਾ ਸਮਾਜਿਕ-ਆਰਥਿਕ ਬਿਓਰਾ ਵਿਸਥਾਰ ਵਿਚ ਤਿਆਰ ਕਰਨ ਦੇ ਹੁਕਮ ਦਿਤੇ ਹਨ। ਮੁੱਖ ਮੰਤਰੀ ਨੇ ਬੀਤੇ ਦਿਨ ਜਦੋਂ ਹਸਪਤਾਲਾਂ ਵਿਚ ਜਾ ਕੇ ਜ਼ਖਮੀਆਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਸੀ ਤਾਂ ਇਨ੍ਹਾਂ ਵਿਚ ਦੋ ਨੌਜਵਾਨ ਲੜਕੀਆਂ ਜਿਨ੍ਹਾਂ ਨੇ ਅਪਣੇ ਬੱਚਿਆਂ ਤੇ ਪਤੀਆਂ ਸਮੇਤ ਸਮੁੱਚੇ ਪਰਿਵਾਰਾਂ ਨੂੰ ਇਸ ਹਾਦਸੇ ਵਿਚ ਗੁਆ ਲਿਆ

ਅਤੇ ਇਨ੍ਹਾਂ ਵਿਚੋਂ ਇਕ ਦਾ ਤਾਂ ਸਹੁਰਾ ਪਰਿਵਾਰ ਵੀ ਸੀ। ਇਨ੍ਹਾਂ ਪੀੜਤਾਂ ਦੀ ਦਸ਼ਾ 'ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਉਸ ਮੌਕੇ ਅਪਣੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਕਿਹਾ ਕਿ ਸਰਕਾਰ ਮ੍ਰਿਤਕਾਂ ਦੇ ਵਾਰਸਾਂ ਖਾਸ ਕਰਕੇ ਗਰੀਬ ਲੋਕਾਂ ਨੂੰ ਸਿਰਫ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਵੀ ਵੱਧ ਸਹਾਇਤਾ ਕਰੇਗੀ। ਮੁੱਖ ਮੰਤਰੀ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਸਪੱਸ਼ਟ ਕੀਤਾ ਕਿ ਇਸ ਲਈ ਢੁਕਵੀਂ ਪ੍ਰਣਾਲੀ ਅਪਣਾਈ ਜਾਵੇ ਤਾਂ ਕਿ ਸੂਬਾ ਸਰਕਾਰ ਵਲੋਂ ਮੁੜ ਵਸੇਬੇ ਦੇ ਕਾਰਜ ਛੇਤੀ ਤੋਂ ਛੇਤੀ ਨੇਪਰੇ ਚਾੜ੍ਹੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਸ ਵਿਚ ਕੋਈ ਕਸਰ ਬਾਕੀ ਨਾ ਰਹੇ।

ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਪੂਰੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਐਤਵਾਰ ਨੂੰ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਦਿਤੇ ਕਿ ਪੀੜਤਾਂ ਦਾ ਸਮਾਜਿਕ-ਆਰਥਿਕ ਬਿਓਰਾ ਵਿਸਥਾਰ ਵਿਚ ਤਿਆਰ ਕੀਤਾ ਜਾਵੇ। ਉਨ੍ਹਾਂ ਇਹ ਵੀ ਨਿਰਦੇਸ਼ ਦਿਤੇ ਕਿ ਪੀੜਤਾਂ ਨੂੰ ਰਾਸ਼ਨ, ਕੱਪੜੇ, ਦਵਾਈਆਂ ਆਦਿ ਹਰ ਤਰ੍ਹਾਂ ਦੀ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਵੇ ਕਿਉਂਕਿ ਪੀੜਤਾਂ ਵਿਚ ਬਹੁਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸਬੰਧਤ ਹਨ। ਮੁੱਖ ਮੰਤਰੀ ਨੇ ਸਿਹਤ ਮੰਤਰੀ ਦੀ ਅਗਵਾਈ ਹੇਠ ਤਿੰਨ ਕੈਬਨਿਟ ਮੰਤਰੀਆਂ ਦੇ ਬਣਾਏ ਸੰਕਟ ਪ੍ਰਬੰਧਨ ਗਰੁੱਪ ਨਾਲ ਰਾਹਤ ਅਤੇ ਮੁੜ ਵਸੇਬਾ ਕੰਮਾਂ ਦਾ ਜਾਇਜ਼ਾ ਵੀ ਲਿਆ

ਅਤੇ ਇਹ ਵੀ ਨਿਰਦੇਸ਼ ਦਿਤੇ ਕਿ ਪੀੜਤਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਰਾਸ਼ੀ ਵੰਡਣ ਲਈ ਫੌਰੀ ਕਦਮ ਚੁੱਕੇ ਜਾਣ। ਮੁੱਖ ਮੰਤਰੀ ਨੇ ਸੰਕਟ ਪ੍ਰਬੰਧਨ ਗਰੁੱਪ ਨੂੰ ਕਿਹਾ ਕਿ ਜ਼ਖਮੀਆਂ ਅਤੇ ਪੀੜਤਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਲੋੜੀਂਦੇ ਜ਼ਰੂਰੀ ਕਦਮ ਚੁੱਕੇ ਜਾਣ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀਆਂ ਦਾ ਇਹ ਸੰਕਟ ਪ੍ਰਬੰਧਨ ਗਰੁੱਪ ਮੁੱਖ ਮੰਤਰੀ ਵਲੋਂ ਸ਼ੁੱਕਰਵਾਰ ਰਾਤ ਨੂੰ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਤੁਰੰਤ ਬਣਾਇਆ ਗਿਆ ਸੀ ਤਾਂ ਜੋ ਰਾਹਤ ਅਤੇ ਮੁੜ ਵਸੇਬਾ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾਵੇ।