'ਸਿੱਖ ਪਾਰਲੀਮੈਂਟ' ਸਿੱਖਾਂ ਦੇ ਮਸਲਿਆਂ ਬਾਰੇ ਰਹੀ ਚੁੱਪ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧੀ ਧਿਰ ਦੇ ਆਗੂਆਂ ਨੇ ਕੀਤਾ ਵਾਕ-ਆਊਟ

'Sikh Parliament' silent about Sikh issues!

ਬੈਂਸ ਨੇ ਸ਼ੱਕ ਜ਼ਾਹਰ ਕੀਤਾ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖ਼ਜ਼ਾਨੇ 'ਚ ਕੀਤੀ ਜਾ ਰਹੀ ਹੈ ਮਿਲਾਵਟ
 ਅਯੁਧਿਆ ਮਾਮਲੇ ਤੇ ਜੋ ਝੂਠੇ ਦਸਤਾਵੇਜ਼ ਪੇਸ਼ ਕੀਤੇ ਗਏ ਹਨ ਉਸ ਬਾਰੇ ਸਿੱਖ ਪਾਰਲੀਮੈਂਟ ਚੁੱਪ : ਭੌਰ

ਅੰਮ੍ਰਿਤਸਰ  (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਸ. ਸੁਖਦੇਵ ਸਿੰਘ ਭੌਰ, ਬਲਵਿੰਦਰ ਸਿੰਘ ਬੈਂਸ ਅਤੇ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਪੜ੍ਹੇ ਜਾ ਰਹੇ ਮਤਿਆਂ ਦੇ ਨਾਲ ਬਰਗਾੜੀ ਬੇਅਦਬੀ ਕਾਂਡ, ਸੁਲਤਾਨਪੁਰ ਲੋਧੀ ਦਾ ਸੋਨੇ ਦਾ ਪਤਰਾ ਮਾਮਲਾ ਅਤੇ ਸਿੱਖ ਪਹਿਚਾਣ ਨੂੰ ਲੱਗ ਰਹੇ ਖੋਰੇ ਦੀ ਅਵਾਜ਼ ਬੁਲੰਦ ਕੀਤੀ ਤਾਂ ਹਾਊਸ ਵਿਚ ਕੋਈ ਸੁਣਵਾਈ ਨਾ ਹੋਈ। ਇਸ ਰੌਲੇ ਦੌਰਾਨ ਬੀਬੀ ਜਗੀਰ ਕੌਰ ਨੇ ਭਾਈ ਲੌਂਗੋਵਾਲ ਦਾ ਨਾਮ ਬਤੌਰ ਪ੍ਰਧਾਨ ਪੇਸ਼ ਵੀ ਕਰ ਦਿਤਾ ਤੇ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਦੀ ਗੱਲ ਨਾ ਸੁਣੀ ਗਈ ਜਿਸ ਕਾਰਨ ਇਹ ਸਾਰੇ ਹਾਊਸ ਤਂੋ ਵਾਕ ਆਊਟ ਕਰ ਕੇ ਬਾਹਰ ਆ ਗਏ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅੱਜ ਸਾਡੇ ਬੱਚਿਆਂ ਨੂੰ ਪ੍ਰੀਖਿਆ ਦੌਰਾਨ ਕਕਾਰ ਲੁਹਾ ਕੇ ਬੈਠਣ 'ਤੇ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਇਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਉਂਦੀ ਹੈ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਜ਼ਰੂਰੀ ਨਹੀਂ ਸਮਝਿਆ ਕਿ ਉਹ 550 ਸਾਲਾ ਪ੍ਰਕਾਸ਼ ਪੁਰਬ ਤੇ ਕਮੇਟੀ ਦਾ ਵਿਸ਼ੇਸ਼ ਇਜਲਾਸ ਬੁਲਾਉਣ।

ਉਨ੍ਹਾਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ ਜਨਤਕ ਕਰਦਿਆਂ ਕਿਹਾ ਕਿ ਇਹ ਕਿਉਂ ਨਹੀਂ ਦਸਿਆ ਜਾ ਰਿਹਾ ਕਿ ਲਾਇਬ੍ਰੇਰੀ ਦਾ ਸਾਰਾ ਖ਼ਜ਼ਾਨਾ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਇਸ ਖ਼ਜ਼ਾਨੇ ਵਿਚ ਮਿਲਾਵਟ ਕੀਤੀ ਜਾ ਰਹੀ ਹੈ। ਇਸ ਮੌਕੇ ਬੋਲਦਿਆਂ ਸ. ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਅਸੀ 2015 ਤੋਂ ਕਹਿ ਰਹੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਤੇ ਅਫ਼ਸੋਸ ਦਾ ਮਤਾ ਪਾਸ ਕਰਨਾ ਚਾਹੀਦਾ ਹੈ ਕਿਉਂਕਿ ਸਿੱਖਾਂ ਨੂੰ ਨਾ ਤਾਂ ਅਕਾਲੀ ਦਲ ਨੇ ਇਨਸਾਫ਼ ਦਿਤਾ ਤੇ ਨਾ ਹੀ ਕਾਂਗਰਸ ਨੇ। ਇਸ ਲਈ ਹਾਊਸ ਅਪਣਾ ਫ਼ਰਜ਼ ਮੰਨ ਕੇ ਘੱਟ ਤੋਂ ਘੱਟ ਮਤਾ ਤਾਂ ਪਾਸ ਕਰੇ।

ਉਨ੍ਹਾਂ ਕਿਹਾ ਕਿ ਅਯੁਧਿਆ ਮਾਮਲੇ ਤੇ ਜੋ ਝੂਠੇ ਦਸਤਾਵੇਜ਼ ਪੇਸ਼ ਕੀਤੇ ਗਏ ਹਨ ਉਸ ਬਾਰੇ  ਵੀ ਸਿੱਖ ਪਾਰਲੀਮੈਂਟ ਚੁੱਪ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ 'ਕਲਟ' ਸ਼ਬਦ ਦੀ ਵਰਤੋਂ 'ਤੇ ਵੀ ਹਾਊੁਸ ਨੂੰ ਇਤਰਾਜ਼ ਨਹੀਂ ਹੈ। ਹਾਊਸ ਵਿਚ ਬੋਲਦਿਆਂ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਚ ਭੇਟ ਹੋਏ ਸੋਨੇ ਦੇ ਪਤਰੇ ਦਾ ਮਾਮਲਾ ਵੀ ਸਪਸ਼ਟ ਹੋਣਾ ਚਾਹੀਦਾ ਹੈ।