ਮੋਦੀ ਸਰਕਾਰ ਨੇ ਕਿਸਾਨੀ ਅੰਦੋਲਨ ਤੋਂ ਡਰਦਿਆਂ ‘ਜਾਹ ਜਵਾਨ, ਮਾਰ ਕਿਸਾਨ’ ਦਾ ਨਾਅਰਾ ਅਪਣਾਇਆ: ਸਿੰਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜੈ ਇੰਦਰ ਸਿੰਗਲਾ ਨੇ ਹਰਿਆਣਾ-ਦਿੱਲੀ ਬਾਰਡਰ ’ਤੇ ਪਹੁੰਚ ਲੰਗਰ ’ਚ ਹਿੱਸਾ ਪਾ ਕਿਸਾਨਾਂ ਦੇ ਹੱਕ ’ਚ ਮਾਰਿਆ ਹਾਅ ਦਾ ਨਾਅਰਾ

Vijay Inder Singla arrives at Haryana-Delhi border to support farmer

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨਾਲ ਕੀਤੇ ਮਾੜੇ ਵਿਹਾਰ ਨੂੰ ਵੇਖਦਿਆਂ ਲੱਗਦਾ ਹੈ ਕਿ ਮੋਦੀ ਸਰਕਾਰ ਨੇ ‘ਜੈ ਜਵਾਨ, ਜੈ ਕਿਸਾਨ’ ਨਾਅਰੇ ਦੀ ਪ੍ਰੀਭਾਸ਼ਾ ਬਦਲ ਕੇ ‘ਜਾਹ ਜਵਾਨ, ਮਾਰ ਕਿਸਾਨ’ ਕਰ ਦਿੱਤੀ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਜੈ ਇੰਦਰ ਸਿੰਗਲਾ ਨੇ ਅੱਜ ਹਰਿਆਣਾ-ਦਿੱਲੀ ਬਾਰਡਰ ’ਤੇ ਕਿਸਾਨਾਂ ਦੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁੱਧ ਵਿੱਢੇ ਸੰਘਰਸ਼ ’ਚ ਮੋਢਾ ਸਾਂਝਾ ਕਰਨ ਮੌਕੇ ਕੀਤਾ। ਇਸ ਮੌਕੇ ਸਿੰਗਲਾ ਨੇ ਕਿਸਾਨਾਂ ਦਾ ਹਾਲ-ਚਾਲ ਜਾਣਨ ਤੋਂ ਇਲਾਵਾ ਲੰਗਰ ’ਚ ਹਿੱਸਾ ਪਾਇਆ ਤੇ ਸੰਘਰਸ਼ੀਲ ਕਿਸਾਨਾਂ ਨੂੰ ਲੰਗਰ ਵਰਤਾਇਆ। ਉਨ੍ਹਾਂ ਅੰਦੋੋਲਨਕਾਰੀ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਸਿਰਫ਼ ਉਹ ਹੀ ਨਹੀਂ, ਸਗੋਂ ਪੂਰਾ ਪੰਜਾਬ ਉਨ੍ਹਾਂ ਨਾਲ ਹੈ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸਮਾਜ ਦੇ ਹਰ ਵਰਗ ਵੱਲੋਂ ਪੂਰੀ ਵਾਹ ਲਾਈ ਜਾਵੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ’ਚ ਸਭ ਤੋਂ ਵੱਧ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਮੋਦੀ ਸਰਕਾਰ ਵੱਲੋਂ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਲਾਹਾ ਦੇਣ ਲਈ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਈ ਸੌ ਕਿਲੋਮੀਟਰ ਚੱਲ ਕੇ ਇੱਥੇ ਰੋਸ ਪ੍ਰਦਰਸ਼ਨ ਕਰਨ ਪਹੁੰਚਿਆ ਹੈ। 


ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ’ਚ ਧਰਨੇ ਦੇ ਰਹੇ ਕਿਸਾਨਾਂ ਦੀ ਮੋਦੀ ਸਰਕਾਰ ਨੇ ਸਾਰ ਤਾਂ ਕੀ ਲੈਣੀ ਸੀ, ਸਗੋਂ ਹੁਣ ਦਿੱਲੀ ਆਉਣ ਮੌਕੇ ਸਾਰੇ ਨਿਯਮ-ਕਾਨੂੰਨ ਛਿੱਕੇ ਟੰਗ ਕੇ ਸਿਰਫ਼ ਭਾਜਪਾ ਨਾਲ ਵਫ਼ਾਦਾਰੀ ਵਿਖਾਉਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੌਮੀ ਸ਼ਾਹ ਰਾਹ ਹੀ ਸੀਲ ਕਰ ਦਿੱਤੇ।

ਉਨ੍ਹਾਂ ਕਿਹਾ ਕਿ ਗੱਲ ਸਿਰਫ਼ ਪੰਜਾਬ ਨਾਲ ਲੱਗਦੇ ਬਾਰਡਰ ਸੀਲ ਕਰਨ ’ਤੇ ਹੀ ਨਹੀਂ ਰੁਕੀ, ਸਗੋਂ ਦੇਸ਼ ਦੇ ਅੰਨਦਾਤੇ ’ਤੇ ਅੱਤ ਦੀ ਸਰਦੀ ’ਚ ਪਾਣੀ ਵਾਲੀਆਂ ਤੋਪਾਂ ਤੇ ਹੰਝੂ ਗੈਸ ਦੇ ਗੋਲਿਆਂ ਨਾਲ ਹਮਲਾ ਕਰਨ ਦੇ ਨਾਲ-ਨਾਲ ਲਾਠੀਚਾਰਜ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਦੇ ਸਭ ਤੋਂ ਵੱਡੇ ਧੁਰੇ ਨੂੰ ਸੰਭਾਲਣ ਵਾਲੇ ਕਿਸਾਨਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕਰਨ ਵਾਲੀਆਂ ਭਾਜਪਾ ਸਰਕਾਰਾਂ ਨੂੰ ਆਉਣ ਵਾਲੇ ਸਮੇਂ ’ਚ ਇਸਦਾ ਖ਼ਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ।

ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਸਾਰੀ ਕੈਬਨਿਟ ਤੇ ਪਾਰਟੀ ਖੇਤੀਬਾੜੀ ਖੇਤਰ ’ਤੇ ਛਾਏ ਇਨ੍ਹਾਂ ਕਾਲੇ ਬੱਦਲਾਂ ਵਿਰੁੱਧ ਡੱਟ ਕੇ ਖੜੇ ਹਨ ਅਤੇ ਕਿਸੇ ਵੀ ਕੀਮਤ ’ਤੇ ਇਹ ਕਾਲੇ ਕਾਨੂੰਨ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਭਾਜਪਾ ਦੇ ਲੀਡਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਨੂੰ ਭੜਕਾ ਕੇ ਅੰਦੋਲਨ ਕਰਵਾਉਣ ਲਈ ਜ਼ਿੰਮੇਵਾਰ ਦੱਸ ਰਹੇ ਹਨ ਅਤੇ ਸੂਬੇ ’ਚ ਵਿਰੋਧੀ ਪਾਰਟੀਆਂ ਦੇ ਲੀਡਰ ਉਨ੍ਹਾਂ ਨੂੰ ਕਿਸਾਨਾਂ ਵਿਰੁੱਧ ਖੜਾ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਪਾਰਟੀਆਂ ਦੇ ਆਗੂ ਆਪਣੇ ਨਿੱਜੀ ਮੁਫ਼ਾਦਾਂ ਲਈ ਸਿਰਫ਼ ਬਿਆਨਬਾਜ਼ੀ ਕਰ ਰਹੇ ਹਨ ਜਦਕਿ ਕਾਂਗਰਸ ਪਾਰਟੀ ਦਾ ਹਰ ਆਗੂ ਕਿਸਾਨਾਂ ਦੇ ਹੱਕਾਂ ਲਈ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜ ਰਿਹਾ ਹੈ।