ਦੋ ਹਜ਼ਾਰ ਸ਼ਰਧਾਲੂਆਂ ਦੇ ਜੱਥੇ ਨੇ ਕਰਤਾਰਪੁਰ ਵਿਚ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਵਰਤਾਉ ਪ੍ਰਸ਼ੰਸਾਯੋਗ : ਬਾਜਵਾ

File Photo

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ): ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵਲੋਂ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਦੇ ਜਥੇ ਨੂੰ ਜ਼ਿਲ੍ਹਾ ਨਾਰੋਵਾਲ ਦੇ ਸੀਨੀਅਰ ਪੀ ਟੀ ਆਈ ਨੇਤਾ ਅਤੇ ਸਾਬਕਾ ਨਾਜ਼ਮ ਕਰਨਲ ਜਾਵੇਦ ਕਾਹਲੋਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸੰਨ 2001 ਵਿਚ ਜਦੋਂ ਕਰਨਲ ਜਾਵੇਦ ਕਾਹਲੋਂ ਨਾਰੋਵਾਲ ਦੇ ਨਾਜ਼ਮ ਸਨ ਤਾਂ ਉਨ੍ਹਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਂਦੀ ਸੜਕ ਨੂੰ ਪੱਕਾ ਕਰਵਾਇਆ ਸੀ। ਗੁਰਦੁਆਰਾ ਸਾਹਿਬ ਵਿਚ  ਬਿਜਲੀ ਦੇ ਕੁਨੈਕਸ਼ਨ ਦਾ ਪ੍ਰਬੰਧ ਵੀ ਇਨ੍ਹਾਂ ਨੇ ਹੀ ਕਰਵਾਇਆ ਸੀ

ਅਤੇ ਉਸ ਸਮੇਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਕਹਿ ਕੇ ਗੁਰਦਵਾਰਾ ਕਰਤਾਰਪੁਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਜਾਂਦੇ ਜਥੇ ਨੂੰ ਗੁਰਧਾਮਾਂ ਦੇ ਦਰਸ਼ਨਾਂ ਵਾਲੀ ਲਿਸਟ ਵਿਚ ਸ਼ਾਮਲ ਕਰਵਾਉਣਾ ਵੀ ਇਨ੍ਹਾਂ ਦੇ ਯਤਨਾਂ ਨਾਲ ਹੀ ਹੋਇਆ ਸੀ। ਬਾਜਵਾ ਨੇ ਅੱਗੇ ਦਸਿਆ ਕਿ ਇਸ ਲਾਂਘੇ ਨੂੰ ਖੁਲ੍ਹਵਾਉਣ ਸਬੰਧੀ ਇਕ ਲੋਕ ਲਹਿਰ ਖੜੀ ਕਰਨ ਲਈ ਸੰਸਥਾ ਵਲੋਂ ਜਦੋਂ ਵੀ ਸਰਬ ਪਾਰਟੀ ਮੀਟਿੰਗਾਂ ਬਟਾਲਾ ਵਿਚ ਕਰਵਾਈਆਂ ਗਈਆਂ

ਤਾਂ ਉਸ ਸਮੇਂ ਪਾਕਿਸਤਾਨ ਤੋਂ ਕਰਨਲ ਜਾਵੇਦ ਕਾਹਲੋਂ ਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਰਿਫ਼ਤ ਕਾਹਲੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਸਕੱਤਰ ਟੈਲੀਕਮਨੀਕੇਸ਼ਨ ਉਚੇਚੇ ਤੌਰ 'ਤੇ ਸ਼ਾਮਲ ਹੁੰਦੇ ਰਹੇ ਹਨ ਤੇ ਸਮੇਂ ਸਮੇਂ ਤੇ ਪਾਕਿਸਤਾਨ ਵਿਚ ਵੀ ਇਸ ਲਾਂਘੇ ਨੂੰ ਖੁਲ੍ਹਵਾਉਣ ਲਈ ਅਵਾਜ਼ ਉਠਾਉਂਦੇ ਰਹੇ ਹਨ। ਸੰਸਥਾ ਵਲੋਂ ਉਨ੍ਹਾਂ ਦੇ ਇਸ ਕੰਮਾਂ ਲਈ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਚੜ੍ਹਦੇ ਪੰਜਾਬ ਵਿਚ ਆਉਣ ਦਾ ਸੱਦਾ ਵੀ ਦਿਤਾ ਗਿਆ।

ਬਾਜਵਾ ਨੇ ਦਸਿਆ ਕਿ ਲਹਿੰਦੇ ਪੰਜਾਬ ਦੇ ਲੋਕਾਂ ਨੇ ਜਥੇ ਦੇ ਮੈਂਬਰਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿਤਾ ਅਤੇ ਉਥੋਂ ਦੇ ਪੁਲਿਸ ਕਰਮੀਆਂ ਤੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦਾ ਵਤੀਰਾ ਵੀ ਬਹੁਤ ਸ਼ਲਾਘਾਯੋਗ ਸੀ।

ਇਹ ਲਾਂਘਾ ਖੁਲ੍ਹਣ ਨਾਲ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਅਤੇ ਦੋਵਾਂ ਦੇਸ਼ਾਂ ਵਿਚ ਅਮਨ ਸ਼ਾਂਤੀ ਅਤੇ ਵਪਾਰਕ ਸਬੰਧਾਂ ਦੀ ਆਸ ਬੱਝੀ ਹੈ। ਇਸ ਮੌਕੇ ਇੰਜੀ ਸੁਖਦੇਵ ਸਿੰਘ ਧਾਲੀਵਾਲ, ਅਜਾਇਬ ਸਿੰਘ ਦਿਉਲ, ਨਿਰਮਲ ਸਿੰਘ ਸਾਗਰਪੁਰ, ਅਮਰੀਕ ਸਿੰਘ ਖੈਹਿਰਾ, ਹਰਭਜਨ ਸਿੰਘ ਰੱਤੜਵਾ, ਗੁਰਪ੍ਰੀਤ ਸਿੰਘ ਖਾਂਸਾਵਾਲੀ ਆਦਿ ਹਾਜ਼ਰ ਸਨ।