ਕਰਤਾਰਪੁਰ ਸਾਹਿਬ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਹੈ

Kartarpur Sahib

ਕਰਤਾਰਪੁਰ ਸਾਹਿਬ- ਵੰਡ ਤੋਂ ਬਾਅਦ ਪਹਿਲੀ ਵਾਰ 10ਵੀਂ ਪਾਤਿਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਸ਼ਰਾਮ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਹੈ। ਪ੍ਰਬੰਧਕਾਂ ਮੁਤਾਬਿਕ ਕਰਤਾਰਪੁਰ ਲਾਂਘੇ ਨੂੰ ਭਾਰਤੀ ਸ਼ਰਧਾਲੂਆਂ ਲਈ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਖੋਲ੍ਹਿਆ ਗਿਆ ਹੈ ਅਤੇ ਪਾਕਿਸਤਾਨ ਸਰਕਾਰ ਨੇ ਕੰਪਲੈਕਸ ਦੇ ਨਿਰਮਾਣ ਕਾਰਜਾਂ ਅਤੇ ਪ੍ਰਬੰਧਾਂ ਨਾਲ ਦੇਸ਼ ਵਿਚ ਸਭ ਤੋਂ ਵੱਧ ਵੇਖਣ ਵਾਲਾ ਸਿੱਖ ਧਾਰਮਿਕ ਅਸਥਾਨ ਬਣਾਇਆ ਹੈ।

ਕਰਤਾਰਪੁਰ ਤੋਂ ਪੀਐਸਜੀਪੀਸੀ ਮੈਂਬਰ ਇੰਦਰਜੀਤ ਸਿੰਘ ਨੇ ਦੱਸਿਆ, "ਬੀਤੇ ਸਤੰਬਰ ਮਹੀਨੇ ਗੁਰਦੁਆਰਾ ਸਾਹਿਬ ਵਿਖੇ ਬਹੁਤ ਘੱਟ ਸੰਗਤ ਦੀ ਹਾਜ਼ਰੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮਨਾਇਆ ਗਿਆ ਸੀ। ਉਦੋਂ ਲਗਭਗ 2000 ਸੰਗਤ ਪੂਰੇ ਪਾਕਿਸਤਾਨ ਤੋਂ ਇਸ ਅਸਥਾਨ 'ਤੇ ਇਕੱਤਰ ਹੋਈ ਸੀ। ਇਸ ਤੋਂ ਬਾਅਦ ਜਦੋਂ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਤਾਂ ਗੁਰਦੁਆਰਾ ਸਾਹਿਬ ਵਿਖੇ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ ਸੀ। ਹੁਣ ਰੋਜ਼ਾਨਾ ਵੱਡੀ ਗਿਣਤੀ 'ਚ ਲੋਕ ਦਰਸ਼ਨ ਅਤੇ ਮੱਥਾ ਟੇਕਣ ਆ ਰਹੇ ਹਨ।"

 ਉਨ੍ਹਾਂ ਦੱਸਿਆ ਕਿ  ਹੁਣ ਜਦੋਂ ਵੱਡੀ ਗਿਣਤੀ 'ਚ ਸੰਗਤ ਦਰਸ਼ਨ ਕਰਨ ਲਈ ਆ ਰਹੀ ਹੈ ਤਾਂ ਪੀਐਸਜੀਪੀਸੀ ਨੇ ਫੈਸਲਾ ਕੀਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨ ਦਿਨਾਂ ਸਮਾਗਮ ਕਰਵਾਇਆ ਜਾਵੇਗਾ। ਸ੍ਰੀ ਅਖੰਡ ਪਾਠ 3 ਜਨਵਰੀ ਨੂੰ ਆਰੰਭ ਹੋਣਗੇ। 10 ਏਕੜ ਵਿਚ ਫੈਲੇ ਗੁਰਦੁਆਰਾ ਕੰਪਲੈਕਸ ਵਿਚ ਇੱਕ ਨਗਰ ਕੀਰਤਨ ਸਜਾਇਆ ਜਾਵੇਗਾ।