ਕੋਰੋਨਾ ਦੇ Omicron ਵੇਰੀਐਂਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ
ਦੇਸ਼ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਸਰਕਾਰ ਹਰਕਤ 'ਚ ਆ ਗਈ ਹੈ।
ਚੰਡੀਗੜ੍ਹ: ਦੇਸ਼ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਸਰਕਾਰ ਹਰਕਤ 'ਚ ਆ ਗਈ ਹੈ। ਹੁਣ ਪੰਜਾਬ ਸਰਕਾਰ ਨੇ ਓਮੀਕਰੋਨ ਦੇ ਖਤਰੇ ਦੇ ਚਲਦਿਆਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ 15 ਜਨਵਰੀ 2022 ਤੋਂ ਲਾਗੂ ਹੋਣਗੇ।
ਨਵੀਆਂ ਹਦਾਇਤਾਂ ਅਨੁਸਾਰ ਸਿਰਫ ਉਹਨਾਂ ਲੋਕਾਂ ਨੂੰ ਹੀ ਜਨਤਕ ਸਥਾਨਾਂ, ਧਾਰਮਿਕ ਸਥਾਨਾਂ, ਸਬਜ਼ੀ ਮੰਡੀਆਂ, ਜਨਤਕ ਆਵਾਜਾਈ, ਸ਼ਾਪਿੰਗ ਮਾਲਾਂ ਆਦਿ ਵਿਚ ਜਾਣ ਦੀ ਆਗਿਆ ਹੋਵੇਗੀ, ਜੋ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ। ਇਸ ਤੋਂ ਇਲਾਵਾ ਸਾਰੇ ਸਰਕਾਰੀ/ਮੰਡਲ/ਕਾਰਪੋਰੇਸ਼ਨ ਦਫ਼ਤਰਾਂ ਵਿਚ ਜਾਣ ਲਈ ਵੀ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਹਨ। ਲੋਕਾਂ ਨੂੰ ਵੈਕਸੀਨ ਤੋਂ ਬਿਨ੍ਹਾਂ ਹੋਟਲਾਂ, ਬਾਰ, ਰੈਸਟੋਰੈਂਟਾਂ, ਮਾਲਾਂ ਵਿਚ ਨਹੀਂ ਜਾਣ ਦਿੱਤਾ ਜਾਵੇਗਾ।
ਲੋਕਾਂ ਨੂੰ ਬਾਹਰ ਜਾਣ ਸਮੇਂ ਡਬਲ ਡੋਜ਼ ਦਾ ਸਰਟੀਫਿਕੇਟ ਨਾਲ ਰੱਖਣਾ ਹੋਵੇਗਾ। ਸਰਟੀਫਿਕੇਟ ਦੇ ਪ੍ਰਿੰਟ ਆਊਟ ਤੋਂ ਇਲਾਵਾ ਲੋਕ ਇਸ ਦੀ ਕਾਪੀ ਮੋਬਾਈਲ 'ਚ ਵੀ ਰੱਖ ਸਕਦੇ ਹਨ। ਜਿਨ੍ਹਾਂ ਲੋਕਾਂ ਦੀ ਦੂਜੀ ਖੁਰਾਕ ਅਜੇ ਬਕਾਇਆ ਹੈ, ਇਸ ਲਈ ਪਹਿਲੀ ਖੁਰਾਕ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ। ਜਿਨ੍ਹਾਂ ਕੋਲ ਸਮਾਰਟਫ਼ੋਨ ਨਹੀਂ ਹੈ, ਉਹਨਾਂ ਕੋਲ ਕੋਵਿਨ ਪੋਰਟਲ ਤੋਂ ਆਇਆ ਮੈਸੇਜ ਹੋਣਾ ਚਾਹੀਦਾ ਹੈ।