ਪਾਣੀਆਂ ਤੋਂ ਬਾਅਦ ਪੰਜਾਬ ਦਾ ਦੁੱਧ ਵੀ ਬਣ ਰਿਹੈ ਜ਼ਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁੱਧ ਦੇ ਸਭ ਤੋਂ ਵੱਧ ਸੈਂਪਲ ਜਲੰਧਰ ਜ਼ਿਲ੍ਹੇ ਵਿਚ ਹੋਏ ਫ਼ੇਲ੍ਹ....

Milk

ਚੰਡੀਗੜ੍ਹ : ਜਿੱਥੇ ਪੰਜ ਦਰਿਆਵਾਂ ਵਾਲੇ ਪੰਜਾਬ ਦੇ ਪਾਣੀ ਜ਼ਹਿਰੀਲੇ ਹੋ ਗਏ ਹਨ। ਉਥੇ ਹੀ ਪੰਜਾਬ ਵਿਚ ਵਿਕ ਰਿਹਾ ਦੁੱਧ ਵੀ ਖ਼ਰਾ ਨਹੀਂ ਰਿਹਾ। ਇਸ ਦਾ ਖ਼ੁਲਾਸਾ ਦੁੱਧ ਵਿਚ ਮਿਲਾਵਟ ਦੀ ਪਰਖ਼ ਬਾਰੇ ਕਰਵਾਏ ਗਏ ਇਕ ਸਰਵੇਖਣ ਦੌਰਾਨ ਹੋਇਆ ਹੈ, ਜੋ ਸਿਹਤ ਵਿਭਾਗ ਵਲੋਂ ਕਰਵਾਇਆ ਗਿਆ ਸੀ। ਸਿਹਤ ਵਿਭਾਗ ਵਲੋਂ ਸੂਬੇ ਦੇ ਵੱਖ–ਵੱਖ ਜ਼ਿਲ੍ਹਿਆਂ ਵਿਚ ਕਰਵਾਏ ਇਸ ਸਰਵੇਖਣ ਦੌਰਾਨ ਦੁੱਧ ਦੇ 30 ਫ਼ੀਸਦੀ ਸੈਂਪਲ ਫ਼ੇਲ੍ਹ ਹੋ ਗਏ। ਪਿਛਲੇ ਵਰ੍ਹੇ ਅਕਤੂਬਰ ਤੋਂ ਦਸੰਬਰ ਮਹੀਨਿਆਂ ਦੌਰਾਨ ਕੁੱਲ 506 ਸੈਂਪਲ ਇਕੱਠੇ ਕੀਤੇ ਗਏ ਸਨ ਤੇ ਉਨ੍ਹਾਂ ਦੀ ਪਰਖ ਖਰੜ ਸਥਿਤ ਸੂਬਾ ਖ਼ੁਰਾਕ ਸੁਰੱਖਿਆ ਲੈਬਾਰਟਰੀ ਵਿਚ ਕਰਵਾਈ ਗਈ।

ਜਿਨ੍ਹਾਂ ਵਿਚੋਂ 152 ਸੈਂਪਲ ਘਟੀਆ–ਮਿਆਰ ਦੇ ਪਾਏ ਗਏ ਅਤੇ ਇਕ ਸੈਂਪਲ ਤਾਂ ਮਨੁੱਖੀ ਖ਼ਪਤ ਲਈ ਪੂਰੀ ਤਰ੍ਹਾਂ ਅਣਫ਼ਿੱਟ ਕਰਾਰ ਦਿਤਾ ਗਿਆ। ਜਾਣਕਾਰੀ ਅਨੁਸਾਰ ਦੁੱਧ ਲਈ ਆਮ ਮਿਆਰੀ ਮਾਪਦੰਡ ਇਹ ਹੁੰਦਾ ਹੈ ਕਿ ਉਸ ਵਿਚ ਚਿਕਨਾਈ, ਯੂਰੀਆ ਦੀ ਮਾਤਰਾ ਵੇਖੀ ਜਾਂਦੀ ਹੈ ਤੇ ਫਿਰ ਉਸ ਵਿਚ ਇਹ ਪਰਖਿਆ ਜਾਂਦਾ ਹੈ ਕਿ ਕਿਤੇ ਉਸ ਵਿਚ ਕੋਈ ਹੋਰ ਵਸਤੂ ਦੀ ਮਿਲਾਵਟ ਤਾਂ ਨਹੀਂ ਕੀਤੀ ਹੋਈ। ਇਸ ਬਾਰੇ ਪੂਰੀ ਸੂਚੀ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਵਲੋਂ ਤਿਆਰ ਕੀਤੀ ਜਾਂਦੀ ਹੈ।

ਸਿਹਤ ਵਿਭਾਗ ਵਲੋਂ ਘੀ, ਪਨੀਰ ਤੇ ਦਹੀਂ ਦੀ ਵੀ ਪਰਖ ਕੀਤੀ ਜਾਂਦੀ ਹੈ ਤੇ ਜੇ ਕੋਈ ਸੈਂਪਲ ਘਟੀਆ ਪਾਏ ਜਾਂਦੇ ਹਨ, ਤਾਂ ਅਜਿਹੀਆਂ ਡੇਅਰੀਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਦੁੱਧ ਦੇ ਸਭ ਤੋਂ ਵੱਧ ਸੈਂਪਲ ਜਲੰਧਰ ਜ਼ਿਲ੍ਹੇ ਵਿਚ ਫ਼ੇਲ੍ਹ ਹੋਏ ਹਨ। ਉਸ ਤੋਂ ਬਾਅਦ ਅੰਮ੍ਰਿਤਸਰ ਅਤੇ ਸੰਗਰੂਰ ਦਾ ਨੰਬਰ ਆਉਂਦਾ ਹੈ। ਜਲੰਧਰ ਵਿਚੋਂ ਕੁੱਲ 94 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 29 ਸੈਂਪਲ ਫ਼ੇਲ੍ਹ ਹੋ ਗਏ ਹਨ, ਜਦ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ 39 ਵਿਚੋਂ 18 ਅਤੇ ਸੰਗਰੂਰ ਦੇ 53 ਵਿਚੋਂ 15 ਸੈਂਪਲ ਫ਼ੇਲ੍ਹ ਹੋ ਗਏ ਹਨ।

ਸਰਕਾਰੀ ਰਿਕਾਰਡ ਮੁਤਾਬਕ ਪਿਛਲੇ ਵਰ੍ਹੇ ਅਕਤੂਬਰ ਤੋਂ ਦਸੰਬਰ ਮਹੀਨਿਆਂ ਦੌਰਾਨ ਸਿਹਤ ਵਿਭਾਗ ਨੇ ਦੁੱਧ ਦੇ 677 ਸੈਂਪਲ ਇਕੱਠੇ ਕੀਤੇ ਸਨ। ਜਿਨ੍ਹਾਂ ਵਿਚੋਂ 170 ਸੈਂਪਲ ਘਟੀਆ ਦਰਜੇ ਦੇ ਪਾਏ ਗਏ ਸਨ। ਪੰਜਾਬ ਦੇ ਖ਼ੁਰਾਕ–ਸੁਰੱਖਿਆ ਅਫ਼ਸਰ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਸੂਬੇ ਵਿਚ ਮਿਲਾਵਟਖੋਰੀ ਵਿਰੁੱਧ ਲਗਾਤਾਰ ਵਿੱਢੀ ਮੁਹਿੰਮ ਕਾਰਨ ਖ਼ੁਰਾਕ ਦੇ ਫ਼ੇਲ੍ਹ ਹੋਣ ਵਾਲੇ ਸੈਂਪਲਾਂ ਦੀ ਗਿਣਤੀ ਵਿਚ ਵੱਡੇ ਪੱਧਰ 'ਤੇ ਕਮੀ ਦਰਜ ਕੀਤੀ ਗਈ ਹੈ।

ਪੰਜਾਬ ਦੇ ਪਾਣੀਆਂ ਮਗਰੋਂ ਹੁਣ ਅੰਮ੍ਰਿਤ ਸਮਾਨ ਦੁੱਧ ਦੇ ਸੈਂਪਲ ਫ਼ੇਲ੍ਹ ਹੋਣੇ ਬਹੁਤ ਹੀ ਮੰਦਭਾਗੀ ਅਤੇ ਚਿੰਤਾ ਵਾਲੀ ਗੱਲ ਹੈ, ਕਿਉਂਕਿ ਸ਼ੁੱਧਤਾ ਲਈ ਪੰਜਾਬ ਦੀ ਇਕ ਵੱਖਰੀ ਪਛਾਣ ਸੀ ਪਰ ਹੁਣ ਇਹ ਹੌਲੀ-ਹੌਲੀ ਖ਼ਤਮ ਹੁੰਦੀ ਜਾ ਰਹੀ ਹੈ।