ਮੀਟਿੰਗ ਦੌਰਾਨ ਕੈਪਟਨ-ਬਾਜਵਾ ਹੋਏ ਆਹਮੋ-ਸਾਹਮਣੇ, ਕੇਂਦਰ ਨੂੰ ਘੇਰਨ ਦੇ ਸਾਂਝੇ ਕੀਤੇ ਗੁਰ!

ਏਜੰਸੀ

ਖ਼ਬਰਾਂ, ਪੰਜਾਬ

ਆਮ ਬਜਟ ਦੌਰਾਨ ਕੇਂਦਰ ਨੂੰ ਘੇਰਣ ਦੇ ਸਾਂਝੇ ਕੀਤੇ ਗੁਰ

file photo

ਚੰਡੀਗੜ੍ਹ : ਕੇਂਦਰ ਸਰਕਾਰ ਨੂੰ ਪੇਸ਼ ਕੀਤੇ ਜਾਣ ਵਾਲੇ ਆਮ ਬਜਟ 'ਤੇ ਘੇਰਣ ਦੀ ਰਣਨੀਤੀ ਤੈਅ ਕਰਨ ਹਿਤ ਕਾਂਗਰਸੀ ਸੰਸਦ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ 'ਚ ਲਗਭਗ ਸਾਰੇ ਸੰਸਦ ਮੈਂਬਰਾਂ ਨੇ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਮੀਟਿੰਗ 'ਚ ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਹੋਏ। ਮੀਟਿੰਗ 'ਚ ਕੈਪਟਨ ਤੇ ਬਾਜਵਾ ਵਲੋਂ ਇਕੱਠੇ ਸ਼ਿਰਕਤ ਕਰਨ ਨੂੰ ਸਿਆਸੀ ਗਲਿਆਰਿਆਂ ਅੰਦਰ ਵਿਸ਼ੇਸ਼ ਤਵੱਜੋਂ ਦਿਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਚੱਲ ਰਹੀ ਖਿੱਚੋਤਾਣ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ। ਦੋਵਾਂ ਆਗੂਆਂ ਵਿਚਾਲੇ ਚੱਲ ਰਹੀ ਸਿਆਸੀ ਜੰਗ ਹੁਣ ਦਿੱਲੀ ਦਰਬਾਰ ਤਕ ਪਹੁੰਚ ਚੁੱਕੀ ਹੈ।

ਮੀਟਿੰਗ 'ਚ ਆਮ ਬਜਟ ਦੌਰਾਨ ਕੇਂਦਰ ਨੂੰ ਘੇਰਣ ਦੇ ਗੁਰ ਸਾਂਝੇ ਕੀਤੇ ਗਏ। ਕਿਸੇ ਵਿਰੋਧੀ ਸਰਕਾਰ ਨੂੰ ਘੇਰਨ ਲਈ ਬੁਲਾਈ ਗਈ ਕਾਂਗਰਸੀ ਸਾਂਸਦਾਂ ਦੀ ਅਪਣੀ ਤਰ੍ਹਾਂ ਦੀ ਇਹ ਪਹਿਲੀ ਮੀਟਿੰਗ ਸੀ। ਮੀਟਿੰਗ 'ਚ ਬਜਟ ਦੇ ਪੰਜਾਬ 'ਤੇ ਪੈਣ ਵਾਲੇ ਅਸਰਾਂ ਅਤੇ ਪੰਜਾਬ ਦੇ ਮਾਮਲਿਆਂ ਨੂੰ ਉਠਾਉਣ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।