ਸਰਜੈਂਟ ਪੰਕਜ ਰਾਣਾ ਦੀ ਰਾਸ਼ਟਰਪਤੀ ਵਲੋਂ ਵੀਰਤਾ ਪੁਰਸਕਾਰ ‘ਵਾਯੂ ਸੈਨਾ ਮੈਡਲ’ ਲਈ ਚੋਣ

ਏਜੰਸੀ

ਖ਼ਬਰਾਂ, ਪੰਜਾਬ

ਬੀਤੇ ਸਾਲ ਝਾਰਖੰਡ ਸੂਬੇ ਦੇ ਜ਼ਿਲ੍ਹਾ ਦੇਵਘਰ 'ਚ ਵਾਪਰੇ ‘ਕੇਬਲ ਕਾਰ’ ਹਾਦਸੇ ਵਿਚ ਬਚਾਈ ਸੀ ਕਈ ਯਾਤਰੀਆਂ ਦੀ ਜ਼ਿੰਦਗੀ

Pankaj Rana

ਨੂਰਪੁਰਬੇਦੀ: ਪਿੰਡ ਲਸਾੜੀ ਨਾਲ ਸਬੰਧਿਤ ਭਾਰਤੀ ਹਵਾਈ ਸੈਨਾ (ਗਰੁਡ) ਦੇ ਜਵਾਨ ਸਰਜੈਂਟ ਪੰਕਜ ਕੁਮਾਰ ਰਾਣਾ ਪੁੱਤਰ ਸਵ. ਅਜਮੇਰ ਸਿੰਘ ਦੀ ਭਾਰਤ ਦੀ ਰਾਸ਼ਟਰਪਤੀ ਵਲੋਂ ਐਲਾਨੇ ਵੀਰਤਾ ਪੁਰਸਕਾਰ ‘ਵਾਯੂ ਸੈਨਾ ਮੈਡਲ (ਗਲੈਂਟਰੀ)’ ਲਈ ਚੋਣ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ 10 ਅਪ੍ਰੈਲ 2022 ਨੂੰ ਝਾਰਖੰਡ ਸੂਬੇ ਦੇ ਜ਼ਿਲਾ ਦੇਵਘਰ ਦੀ ਤ੍ਰੀਕੁੱਟ ਪਹਾੜੀ ’ਤੇ ਵਾਪਰੇ ‘ਕੇਬਲ ਕਾਰ’ ਹਾਦਸੇ ਦੌਰਾਨ 41 ਵਿਅਕਤੀਆਂ ’ਚੋਂ 3 ਦੀ ਮੌਤ ਹੋ ਗਈ ਸੀ ਤੇ ਕਈ ਯਾਤਰੀ ਜ਼ਖ਼ਮੀਂ ਹੋ ਗਏ ਸਨ

ਜਦਕਿ ਇਸ ਹਾਦਸੇ ਦੌਰਾਨ ਕੇਬਲ ਕਾਰ ’ਚ ਸਵਾਰ ਕਰੀਬ ਹੋਰਨਾਂ 38 ਵਿਅਕਤੀਆਂ ਨੂੰ ਭਾਰਤੀ ਫ਼ੌਜ ਅਤੇ ਭਾਰਤੀ ਹਵਾਈ ਫ਼ੌਜ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਬਚਾ ਲਿਆ ਗਿਆ ਸੀ। ਇਸ ਬਚਾਅ ਕਾਰਜ ਦੌਰਾਨ ਪੰਕਜ ਕੁਮਾਰ ਰਾਣਾ ਜੋ ਇਸ ਸਮੇਂ ਭਾਰਤੀ ਹਵਾਈ ਫ਼ੌਜ ’ਚ ਗੁਜਰਾਤ ਦੇ ਸ਼ਹਿਰ ਭੁੱਜ ਵਿਖੇ ਬਤੌਰ ਸਰਜੈਂਟ ਸੇਵਾ ਨਿਭਾ ਰਿਹਾ ਹੈ ਵਲੋਂ ਉਕਤ ਯਾਤਰੀਆਂ ਦੀ ਜ਼ਿੰਦਗੀ ਬਚਾਉਣ ਲਈ ਦਿਖਾਈ ਦਲੇਰੀ ਨੂੰ ਦੇਖਦਿਆਂ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵਲੋਂ ਐਲਾਨੇ 7 ਵਾਯੂ ਸੈਨਾ ਮੈਡਲ (ਗਲੈਂਟਰੀ) ਅਵਾਰਡਾਂ ਦੀ ਲਿਸਟ ’ਚ ਸਰਜੈਂਟ ਪੰਕਜ ਕੁਮਾਰ ਰਾਣਾ ਦੀ ਵੀ ਚੋਣ ਕੀਤੀ ਗਈ ਹੈ।