ਗੁਰੂ ਗੋਬਿੰਦ ਸਿੰਘ ਜੀ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਵਾਲੇ ‘ਸਕੂਲ’ ਦੀ ਸਿਰਸਾ ਵੱਲੋਂ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੂਲ ਦੀ ਮਾਨਤਾ ਰੱਦ ਕਰਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ...

Manjinder Sirsa

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸੈਂਟ ਗਰੇਗੋਰੀਅਸ ਸਕੂਲ ਦਵਾਰਕਾ ਦੇ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਅਤਿਵਾਦੀ ਦੱਸਿਆ ਤੇ ਕਿਹਾ ਕਿ ਉਹਨਾਂ ਨੇ ਸਿੱਖਾਂ ਨੂੰ ਅਤਿਵਾਦੀ ਗਰੁੱਪ ਖਾਲਸਾ ਬਣਾਇਆ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦਿੱਲੀ ਸਰਕਾਰ ਤੋਂ ਸਕੂਲ ਦੀ ਮਾਨਤਾ ਵੀ ਤੁਰੰਤ ਕੀਤੇ ਜਾਣ ਦੀ ਮੰਗ ਕੀਤੀ।

ਪੁਲਿਸ ਕੋਲ ਦਾਇਰ ਕੀਤੀ ਸ਼ਿਕਾਇਤ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਸਕੂਲ ਨੇ ਵਿਦਿਆਰਥੀਆਂ ਨੂੰ ਇਕ ਸਵਾਲ ਕੀਤਾ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਅਤਿਵਾਦੀ ਦੱਸਿਆ ਗਿਆ। ਉਹਨਾਂ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਦਾ ਬਹੁਤ ਹੀ ਮੰਦਭਾਗਾ ਦਿਨ ਹੈ ਜਦੋਂ ਦੇਸ਼ ਦੇ ਲੋਕਾਂ ਦੇ ਧਰਮ ਦੀ ਰਾਖੀ ਲਈ, ਮਨੁੱਖਤਾ ਦੀ ਰਾਖੀ ਲਈ ਅਤੇ ਜ਼ੁਲਮ ਦੇ ਖਿਲਾਫ ਲੜਨ ਲਈ ਆਪਣੇ ਚਾਰ ਪੁੱਤਰ, ਪਿਤਾ ਤੇ ਸਰਬੰਸ ਵਾਰਨ ਵਾਲੇ ਗੁਰੂ ਸਾਹਿਬ ਨੂੰ ਅਤਿਵਾਦੀ ਦੱਸਿਆ ਗਿਆ ਹੈ।

ਉਹਨਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਕੂਲ ਖਿਲਾਫ ਆਈ ਪੀ ਸੀ ਦੀਆਂ ਵੱਖ ਵੱਖ ਫੌਜਦਾਰੀ ਧਾਰਾਵਾਂ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਅਤੇ ਲੋਕਾਂ ਖਾਸ ਤੌਰ 'ਤੇ ਬੱਚਿਆਂ ਦੇ ਮਨਾਂ ਵਿਚ ਸਿੱਖਾਂ ਪ੍ਰਤੀ ਜ਼ਹਿਰ ਭਰਨ ਦੀ ਮੁਹਿੰਮ ਵਿੱਢੀ ਗਈ ਹੈ।

ਉਹਨਾਂ ਕਿਹਾ ਕਿ ਸਕੂਲ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਕ ਅਤਿਵਾਦੀ ਗਰੁੱਪ ਵਿਚ ਬਦਲਿਆ ਜਿਸਦਾ ਨਾਂ ਖਾਲਸਾ ਰੱਖਿਆ ਗਿਆ, ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਾਰੀ ਸਿੱਖ ਕੌਮ ਨੂੰ ਅਤਿਵਾਦੀ ਦੱਸਣ ਦਾ ਯਤਨ ਹੋ ਰਿਹਾ ਹੈ। ਸ੍ਰੀ ਸਿਰਸਾ ਨੇ ਦਿੱਲੀ ਸਰਕਾਰ ਨੂੰ ਵੀ  ਦੱਸਿਆ ਕਿ ਕਲਾਸ ਸਤਵੀਂ ਦੇ ਸੋਸ਼ਲ ਸਾਇੰਸ ਵਿਸ਼ੇ ਦੇ ਪੇਪਰ ਵਿਚ ਇਹ ਸਵਾਲ ਪਾਇਆ ਗਿਆ ਸੀ।

ਉਹਨਾਂ ਕਿਹਾ ਕਿ ਸੇਂਟ ਗਰੇਗੋਰੀਅਸ ਸਕੂਲ ਨੇ ਤੱਥਾਂ ਨੂੰ ਤੋੜ ਮਰੋੜ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ ਤੇ ਇਸ ਮਾਮਲੇ ਨੂੰ ਤੁਰੰਤ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ। ਉਹਨਾਂ ਮੰਗ ਕੀਤੀ ਕਿ ਸਕੂਲ ਪ੍ਰਸ਼ਾਸਨ  ਦੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸਦੀ ਮਾਨਤਾ ਤੁਰੰਤ ਰੱਦ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਗਲਤੀ ਦੁਬਾਰਾ ਨਾ ਦੁਹਰਾਈ ਜਾਵੇ।

ਉਹਨਾਂ ਕਿਹਾ ਕਿ ਸਕੂਲ ਅਜਿਹੀ ਥਾਂ ਹਨ ਜਿਥੇ ਧਾਰਮਿਕ ਸਦਭਾਵਨਾ ਦਾ ਪ੍ਰਚਾਰ ਹੁੰਦਾ ਹੈ  ਪਰ ਜੋ ਭਾਸ਼ਾ ਵਰਤੀ ਗਈ ਹੈ ਇਹ ਭਾਸ਼ਾ ਵਿਦਿਆਰਥੀਆਂ ਵਿਚ ਨਫਰਤ ਦੀ ਭਾਵਨਾ ਪੈਦਾ ਕਰਦੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।.