ਲੁਧਿਆਣਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਲਾੜੀ ਸਮੇਤ ਚਾਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਢੰਡਾਰੀ ਕਲਾਂ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅੱਜ ਸਵੇਰੇ ਲਗਭਗ ਸਾਢੇ 7 ਵਜੇ ਇਕ ਬਰਾਤ ਵਾਲੀ ਕਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।

Car accident in Ludhiana

ਲੁਧਿਆਣਾ: ਢੰਡਾਰੀ ਕਲਾਂ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅੱਜ ਸਵੇਰੇ ਲਗਭਗ ਸਾਢੇ 7 ਵਜੇ ਇਕ ਬਰਾਤ ਵਾਲੀ ਕਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਲਾੜੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖਮੀ ਲੋਕਾਂ ਨੂੰ ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਜ਼ਖ਼ਮੀਆਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

ਦਰਅਸਲ ਬੋਲੈਰੋ ਕਾਰ ਵਿਚ ਸਵਾਰ ਪਰਿਵਾਰ ਹਰਿਆਣਾ ਦੇ ਯਮਨਾਨਗਰ ਤੋਂ  ਲਾੜੀ ਨੂੰ ਵਿਆਹ ਕੇ ਲੁਧਿਆਣਾ ਦੇ ਟਿੱਬਾ ਰੋਡ ਪਰਤ ਰਿਹਾ ਸੀ ਪਰ ਜਿਵੇਂ ਹੀ ਉਹ ਸਾਹਨੇਵਾਲ ਤੋਂ ਅੱਗੇ ਢੰਡਾਰੀ ਕਲਾਂ ਕੋਲ ਪੁੱਜੇ ਤਾਂ ਉਨ੍ਹਾਂ ਦੀ ਬੋਲੈਰੋ ਕਾਰ ਸੜਕ 'ਤੇ ਖੜ੍ਹੀ ਕੰਬਾਈਨ ਵਿਚ ਜਾ ਟਕਰਾਈ। ਜਿਸ ਕਾਰਨ ਲਾੜੀ ਸਮੇਤ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਲਾਡੀ, ਹਿਨਾ, ਜ਼ਰੀਨਾ ਅਤੇ ਡਰਾਈਵਰ ਜਮਸ਼ੇਦ ਆਲਮ ਦੇ ਨਾਂਅ ਸ਼ਾਮਲ ਹਨ।

ਹਾਦਸੇ ਵਾਲੀ ਥਾਂ 'ਤੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਕੇ ਪਰਖੱਚੇ ਉਡ ਗਏ ਹਨ। ਉਨ੍ਹਾਂ ਆਖਿਆ ਕਿ ਕੰਬਾਈਨ ਵਾਲੇ ਨੇ ਇਕਦਮ ਕੰਬਾਈਨ ਮੋੜ ਦਿੱਤੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਸਵੇਰੇ 5 ਵਜੇ ਯਮੁਨਾਨਗਰ ਜਗਾਧਰੀ ਤੋਂ ਲੁਧਿਆਣਾ ਲਈ ਨਿਕਲੇ ਸਨ ਪਰ ਢੰਡਾਰੀ ਕਲਾਂ ਕੋਲ ਆ ਕੇ ਇਹ ਹਾਦਸਾ ਹੋ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿਤੀ ਹੈ।