ਕੋਟਕਪੂਰਾ ਗੋਲੀ ਕਾਂਡ: ਜ਼ਿਲ੍ਹਾ ਅਦਾਲਤ ਨੇ ਕੇਸ ਦੀ ਫ਼ਾਈਲ ਕੀਤੀ ਬੰਦ, ਉੱਚ ਪੁਲਿਸ ਅਫ਼ਸਰਾਂ ਨੂੰ ਰਾਹਤ
ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਮੰਗਲਵਾਰ ਨੂੰ ‘ਕੋਟਕਪੂਰਾ ਗੋਲੀਕਾਂਡ’ ਕੇਸ ਦੀ ਫ਼ਾਈਲ ਨੂੰ ਬੰਦ ਕਰ ਦਿਤਾ।
ਕੋਟਕਪੂਰਾ (ਗੁਰਿੰਦਰ ਸਿੰਘ): ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਮੰਗਲਵਾਰ ਨੂੰ ‘ਕੋਟਕਪੂਰਾ ਗੋਲੀਕਾਂਡ’ ਕੇਸ ਦੀ ਫ਼ਾਈਲ ਨੂੰ ਬੰਦ ਕਰ ਦਿਤਾ। ਇਹ ਕਾਰਵਾਈ ਕੋਟਕਪੂਰਾ ਗੋਲੀਕਾਂਡ ਕੇਸ ’ਚ ਕੁੱਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਐਸਆਈਟੀ ਦੀ ਜਾਂਚ ਰੀਪੋਰਟ ਰੱਦ ਕਰਨ ਦੇ ਫ਼ੈਸਲੇ ਦੇ ਆਧਾਰ ’ਤੇ ਕੀਤੀ ਗਈ ਅਤੇ ਜ਼ਿਲ੍ਹਾ ਅਦਾਲਤ ਦੇ ਕੇਸ ਫ਼ਾਈਲ ਬੰਦ ਕਰਨ ਨਾਲ ਉਕਤ ਕੇਸ ’ਚ ਚਾਰਜਸੀਟ ਕੀਤੇ ਗਏ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ 7 ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਜਾਣਕਾਰੀ ਅਨੁਸਾਰ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਜਾਂਚ ਦੇ ਆਧਾਰ ’ਤੇ ਐਸਆਈਟੀ ਨੇ 7 ਲੋਕਾਂ ਵਿਰੁਧ ਚਾਰਜਸੀਟ ਦਾਖ਼ਲ ਕਰ ਦਿਤੀ ਸੀ ਅਤੇ ਇਨ੍ਹਾਂ ਵਿਰੁਧ ਸ਼ੁਰੂ ਹੋਏ ਟਰਾਇਲ ਤਹਿਤ ਮੰਗਲਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿਚ ਸੁਣਵਾਈ ਹੋਣੀ ਸੀ।
ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਜ਼ਿਲ੍ਹਾ ਅਦਾਲਤ ਨੂੰ ਉੱਚ ਅਦਾਲਤ ਦੇ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਉੱਚ ਅਦਾਲਤ ਨੇ ਬੀਤੀ 9 ਅਪ੍ਰੈਲ ਨੂੰ ਉਕਤ ਕੇਸ ਦੀ ਜਾਂਚ ਰੀਪੋਰਟ ਰੱਦ ਕਰ ਦਿਤੀ ਸੀ ਜਿਸ ਦੇ ਸਬੰਧ ’ਚ 23 ਅਪ੍ਰੈਲ ਨੂੰ ਹਾਈ ਕੋਰਟ ਨੇ 89 ਪੇਜ ਦੇ ਫ਼ੈਸਲੇ ਨੂੰ ਸਾਰਵਜਨਿਕ ਕਰ ਦਿਤਾ ਸੀ। ਇਸ ਦੇ ਆਧਾਰ ’ਤੇ ਬਚਾਅ ਪੱਖ ਨੇ ਜ਼ਿਲ੍ਹਾ ਅਦਾਲਤ ਕੋਲ ਕੇਸ ਫ਼ਾਈਲ ਨੂੰ ਬੰਦ ਕਰਨ ਦੀ ਮੰਗ ਰੱਖੀ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।
ਜ਼ਿਲ੍ਹਾ ਅਦਾਲਤ ਨੇ ਕੇਸ ਫ਼ਾਈਲ ਬੰਦ ਕਰਨ ਦੇ ਨਾਲ-ਨਾਲ ਐਸਆਈਟੀ ਵਲੋਂ ਚਾਰਜਸੀਟ ਕੀਤੇ ਗਏ ਸਾਬਕਾ ਡੀਜੀਪੀ, ਮੁਅੱਤਲ ਆਈ.ਜੀ., ਸਾਬਕਾ ਅਕਾਲੀ ਵਿਧਾਇਕ ਸਮੇਤ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਤਤਕਾਲੀ ਏਡੀਸੀਪੀ ਲੁਧਿਆਣਾ ਪਰਮਜੀਤ ਸਿੰਘ ਪੰਨੂ, ਤਤਕਾਲੀ ਡੀਐਸਪੀ ਬਲਜੀਤ ਸਿੰਘ ਸਿੱਧੂ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਐਸਐਚਓ ਰਹੇ ਗੁਰਦੀਪ ਸਿੰਘ ਪੰਧੇਰ ਨੂੰ ਫ਼ਿਲਹਾਲ ਆਜ਼ਾਦ ਕਰ ਦਿਤਾ ਹੈ।