ਕੋਰੋਨਾ ਤੋਂ ਬਚਾਅ ਲਈ ਇਸ ਅਧਿਆਪਕ ਨੇ ਚੁੱਕੀ ਅਹਿਮ ਜ਼ਿੰਮੇਵਾਰੀ, ਲੋਕਾਂ ਨੂੰ ਕਰ ਰਹੇ ਜਾਗਰੂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਪਾਸੇ ਲੋਕ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਤਾਂ ਦੂਜੇ ਪਾਸੇ ਗੁਰਦਾਸਪੁਰ ਦੇ ਰਹਿਣ ਵਾਲੇ ਇਕ ਅਧਿਆਪਕ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ।

Ranjit Singh

ਗੁਰਦਾਸਪੁਰ (ਨਿਤਿਨ ਲੂਥਰਾ): ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੇ ਹਾਲਾਤ ਕਾਫੀ ਚਿੰਤਾਜਨਕ ਹਨ। ਇਸ ਦੌਰਾਨ ਜਿੱਥੇ ਇਕ ਪਾਸੇ ਲੋਕ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਤਾਂ ਦੂਜੇ ਪਾਸੇ ਗੁਰਦਾਸਪੁਰ ਦੇ ਰਹਿਣ ਵਾਲੇ ਇਕ ਅਧਿਆਪਕ ਨੇ ਲੋਕਾਂ ਨੂੰ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ।

ਅਧਿਆਪਕ ਰਣਜੀਤ ਸਿੰਘ ਰੋਜ਼ਾਨਾ ਅਪਣੀ ਗੱਡੀ ’ਤੇ ਸਪੀਕਰ ਲਾ ਕੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਵਿਚ ਜਾਗਰੂਕਤਾ ਫੈਲਾਅ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਮਾਸਟਰ ਰਣਜੀਤ ਸਿੰਘ ਰੋਜ਼ਾਨਾ ਸ਼ਾਮੀਂ 3 ਵਜੇ ਅਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਮਹਾਂਮਾਰੀ ਪ੍ਰਤੀ ਜਾਗਰੂਕ ਕਰਦੇ ਹਨ। ਇਸ ਦੌਰਾਨ ਉਹ ਲੋਕਾਂ ਨੂੰ ਮਾਸਕ ਵੀ ਵੰਡਦੇ ਹਨ।

ਦੱਸ ਦਈਏ ਕਿ ਮਾਸਟਰ ਰਣਜੀਤ ਸਿੰਘ ਬੀਐਲਓ ਦੀ ਡਿਊਟੀ ਵੀ ਕਰਦੇ ਹਨ, ਜਿਸ ਬੂਥ ’ਤੇ ਉਹਨਾਂ ਦੀ ਡਿਊਟੀ ਹੈ ਉੱਥੇ 60 ਫੀਸਦੀ ਲੋਕਾਂ ਨੇ ਜਾਗਰੂਕ ਹੋ ਕੇ ਕੋਰੋਨਾ ਵੈਕਸੀਨ ਲਗਵਾਈ ਹੈ। ਮਾਸਟਰ ਰਣਜੀਤ ਨੇ ਦੱਸਿਆ ਕਿ ਜਦੋਂ ਤੋਂ ਕੋਰੋਨਾ ਵਾਇਰਸ ਨੇ ਭਾਰਤ ਵਿਚ ਦਸਤਕ ਦਿੱਤੀ ਹੈ ਉਹ ਉਦੋਂ ਤੋਂ ਹੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

ਉਹਨਾਂ ਕਿਹਾ ਜੇਕਰ ਅਸੀਂ ਖੁਦ ਹੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਾਂਗੇ ਤਾਂ ਸਰਕਾਰ ਨੂੰ ਸਖ਼ਤੀ ਦਿਖਾਉਣ ਦੀ ਲੋੜ ਨਹੀਂ ਪਵੇਗੀ। ਰਣਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਕੋਈ ਉਹਨਾਂ ਦੀ ਗੱਲ ’ਤੇ ਅਮਲ ਕਰਕੇ ਕੋਵਿਡ ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ।