ਨਸ਼ੇ ਨਾਲ ਮਰ ਰਹੇ ਨੌਜਵਾਨਾਂ ਬਾਰੇ ਕੈਪਟਨ ਨੂੰ ਕੋਈ ਚਿੰਤਾ ਨਹੀਂ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਨਸ਼ਿਆਂ ਦੀ ਬਿਮਾਰੀ ਨੇ ਪੰਜਾਬ ਦੇ ਲੱਖਾਂ ਘਰ ਤਬਾਹ ਕਰ ਦਿੱਤੇ ਅਤੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਲੀਲ੍ਹ ਲਈ

Bhagwatn Mann

ਚੰਡੀਗੜ੍ਹ : ਨਸ਼ਿਆਂ ਅਤੇ ਨਸ਼ਾ ਤਸਕਰਾਂ ਦਾ ਸਿਰਫ਼ 4 ਹਫ਼ਤਿਆਂ 'ਚ ਸਫ਼ਾਇਆ ਕਰਨ ਲਈ ਸ੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ, ਕਿਉਂਕਿ ਮੁੱਖ ਮੰਤਰੀ ਦੇ ਏਜੰਡੇ ਉੱਤੇ ਪੰਜਾਬ ਦੇ ਨੌਜਵਾਨਾਂ ਪ੍ਰਤੀ ਕੋਈ ਚਿੰਤਾ ਹੀ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ। 

ਮਾਨ ਨੇ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਬਾਰੇ ਡੂੰਘੀ ਚਿੰਤਾ ਅਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਇਸ ਤ੍ਰਾਸਦੀ 'ਤੇ ਮੂਕ ਦਰਸ਼ਕ ਕਿਉਂ ਬਣੇ ਹੋਣ ਹਨ? ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਦੇ 10 ਸਾਲਾ ਮਾਫ਼ੀਆ ਰਾਜ ਦੌਰਾਨ ਖ਼ਤਰਨਾਕ ਹੱਦ ਤਕ ਫ਼ੈਲੀ ਨਸ਼ਿਆਂ ਦੀ ਬਿਮਾਰੀ ਨੇ ਪੰਜਾਬ ਦੇ ਲੱਖਾਂ ਘਰ ਤਬਾਹ ਕਰ ਦਿੱਤੇ ਅਤੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਲੀਲ੍ਹ ਲਈ।

ਭਗਵੰਤ ਮਾਨ ਨੇ ਕਿਹਾ ਕਿ ਜੇ ਅਮਰਿੰਦਰ ਸਿੰਘ ਨੇ ਆਪਣੇ ਵਾਅਦੇ ਮੁਤਾਬਕ ਨਸ਼ਿਆਂ ਦਾ ਖ਼ਾਤਮਾ ਕੀਤਾ ਹੁੰਦਾ ਅਤੇ ਘਰ-ਘਰ ਨੌਕਰੀ ਦਿੱਤੀ ਹੁੰਦੀ ਤਾਂ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤ ਪਿੱਛੋਂ ਅਖ਼ਬਾਰੀ ਸੁਰਖ਼ੀਆਂ ਨਾ ਬਣਦੇ। ਮਾਨ ਨੇ ਪਟਿਆਲਾ ਦੇ 22 ਸਾਲਾ ਨੌਜਵਾਨ ਦੀ ਰੋਪੜ ਜ਼ਿਲ੍ਹੇ 'ਚ ਹੋਈ ਮੌਤ 'ਤੇ ਦੁੱਖ ਜਤਾਉਂਦਿਆਂ ਕਿਹਾ ਕਿ ਅਜਿਹਾ ਕੋਈ ਦਿਨ ਨਹੀਂ ਲੰਘਦਾ ਜਦੋਂ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਦਮ ਨਾ ਤੋੜਦਾ ਹੋਵੇ।

ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਸਿਆਸੀ ਰਸੂਖਵਾਨਾਂ ਦੀ ਸ਼ਹਿ ਥੱਲੇ ਪੁਲਿਸ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸੂਬੇ 'ਚ ਨਸ਼ਿਆਂ ਦਾ ਕਾਲਾ ਕਾਰੋਬਾਰ ਜਿਉਂ ਦਾ ਤਿਉਂ ਚੱਲ ਰਿਹਾ ਹੈ। ਨਸ਼ੇ ਦੀ ਹੋਮ ਡਿਲਿਵਰੀ ਧੜੱਲੇ ਨਾਲ ਹੋ ਰਹੀ ਹੈ, ਪਰ ਕੈਪਟਨ ਅਮਰਿੰਦਰ ਸਿੰਘ ਵੀ ਬਾਦਲਾਂ ਵਾਂਗ ਅੱਖਾਂ ਬੰਦ ਕਰੀ ਬੈਠੇ ਹਨ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਵਿਰੁੱਧ ਬਿਨਾਂ ਪੱਖਪਾਤ ਅਤੇ ਸਿਆਸੀ ਦਖ਼ਲਅੰਦਾਜ਼ੀ ਮੁਹਿੰਮ ਚਲਾਈ ਜਾਏ, ਜਿਸ ਵਿਚ 'ਆਪ' ਸਮੇਤ ਸਾਰਾ ਪੰਜਾਬ ਸਾਥ ਦੇਵੇਗਾ।