ਵਿਦੇਸ਼ ਜਾਣ ਦੇ ਸੁਪਨੇ ਨੇ ਲਈਆਂ ਕਈ ਪੰਜਾਬੀਆਂ ਦੀਆਂ ਜਾਨਾਂ!

ਏਜੰਸੀ

ਖ਼ਬਰਾਂ, ਪੰਜਾਬ

ਇਕੱਲੇ ਮਈ ਮਹੀਨੇ 'ਚ ਹੋਈਆਂ ਪੰਜ ਮੌਤਾਂ

Representational Image

ਮੋਹਾਲੀ : ਵਿਦੇਸ਼ਾਂ ਵਿਚ ਰਹਿਣ ਵਾਲੇ ਜਾਂ ਉੱਥੇ ਜਾਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀਆਂ ਮੌਤਾਂ/ਕਤਲਾਂ ਨੇ ਵਿਦੇਸ਼ੀ ਇੱਛਾਵਾਂ ਦੀ ਵਿਹਾਰਕਤਾ 'ਤੇ ਖ਼ਤਰੇ ਦੀ ਘੰਟੀ ਖੜ੍ਹੀ ਕਰ ਦਿਤੀ ਹੈ। ਇਕੱਲੇ ਮਈ ਮਹੀਨੇ ਵਿਚ ਹੀ ਘੱਟੋ-ਘੱਟ ਪੰਜ ਵਿਅਕਤੀਆਂ ਦੀ ਵਿਦੇਸ਼ਾਂ ਵਿਚ ਜਾਂ ਉਥੇ ਜਾਣ ਦੀ ਕੋਸ਼ਿਸ਼ ਦੌਰਾਨ ਹੋਏ ਅਪਰਾਧਾਂ ਵਿਚ ਮੌਤ ਹੋ ਚੁੱਕੀ ਹੈ। 

ਅਮਰੀਕਾ ਵਿਚ ਮਈ ਦੌਰਾਨ ਹੋਈ ਗੋਲੀਬਾਰੀ ਵਿਚ ਘੱਟੋ-ਘੱਟ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਕ ਹੋਰ ਆਦਮੀ ਨੂੰ ਡਿਪੋਰਟ ਕੀਤੇ ਜਾਣ ਮਗਰੋਂ ਉਸ ਦਾ ਅਮਰੀਕਾ ਜਾਣ ਦਾ ਸੁਪਨਾ ਟੁੱਟ ਗਿਆ ਜਿਸ ਦੇ ਚਲਦੇ ਉਸ ਆਦਮੀ ਦੀ ਅਤੇ ਉਸ ਦੀ ਸੱਸ ਦੀ ਭਾਰਤ ਵਿਚ ਮੌਤ ਹੋ ਗਈ

4 ਮਈ ਨੂੰ ਪੋਰਟਲੈਂਡ ਵਿਚ ਸੁਲਤਾਨਪੁਰ ਲੋਧੀ ਦੇ ਦੋ ਭਰਾਵਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ ਅਤੇ 5 ਮਈ ਨੂੰ ਕਪੂਰਥਲਾ ਦੇ ਇਕ ਨੌਜਵਾਨ ਨੂੰ ਪੈਟਰੋਲ ਸਟੇਸ਼ਨ 'ਤੇ ਲੁਟੇਰਿਆਂ ਨੇ ਗੋਲੀ ਮਾਰ ਦਿਤੀ ਸੀ, ਜਿਥੇ ਉਹ ਕੰਮ ਕਰ ਰਿਹਾ ਸੀ। ਜਨਵਰੀ ਵਿਚ, ਕੈਲੀਫ਼ੋਰਨੀਆ ਦੇ ਫ਼ਰਿਜ਼ਨੋ ਵਿਚ ਕਪੂਰਥਲਾ ਵਾਸੀ ਦੀ ਇਕ ਕਾਰ ਨਾਲ ਹੋਈ ਟੱਕਰ ਕਾਰਨ ਮੌਤ ਹੋ ਗਈ ਸੀ। ਇਹਨਾਂ ਮੌਤਾਂ ਵਿਚ ਹੋਰ ਦੁਰਘਟਨਾ ਕਾਰਨ ਹੋਈਆਂ ਮੌਤਾਂ ਸ਼ਾਮਲ ਨਹੀਂ ਹਨ।

ਇਹ ਵੀ ਪੜ੍ਹੋ:  ਕਿਸਾਨਾਂ ਤੋਂ 35 ਹਜ਼ਾਰ ਕੁਇੰਟਲ ਟਮਾਟਰ ਅਤੇ 20 ਹਜ਼ਾਰ ਕੁਇੰਟਲ ਲਾਲ ਮਿਰਚਾਂ ਦੀ ਖ੍ਰੀਦ ਕਰੇਗੀ ਪੰਜਾਬ ਐਗਰੋ 

ਬੋਪਾਰਾਏ (ਕਪੂਰਥਲਾ) ਦੇ ਰਹਿਣ ਵਾਲੇ ਇਕ ਪਿਉ-ਪੁੱਤ ਦੀ ਵੀ 10 ਮਈ ਨੂੰ ਫ਼ਰਿਜ਼ਨੋ ਵਿਚ ਹਾਦਸੇ ਦੌਰਾਨ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਉਹ ਬੇਟੇ ਦੀ ਡਾਕਟਰੀ ਸਿਖਿਆ ਪੂਰੀ ਹੋਣ ਦਾ ਜਸ਼ਨ ਮਨਾਉਣ ਜਾ ਰਹੇ ਸਨ।

ਕਪੂਰਥਲਾ ਦੇ ਐਡਵੋਕੇਟ ਕੁਲਵੰਤ ਸਿੰਘ ਨੇ ਕਿਹਾ, “ਲੋਕਾਂ ਵਿਚ ਵਿਦੇਸ਼ ਜਾਣ ਦਾ ਹੋੜ ਲਗੀ ਹੋਈ ਹੈ। ਅਜਿਹੇ ਪ੍ਰਵਾਰ ਵੀ ਹਨ ਜਿਨ੍ਹਾਂ ਦੇ ਇਕਲੌਤੇ ਬੱਚੇ ਅਮਰੀਕਾ ਜਾਣ ਤੋਂ ਬਾਅਦ ਹਾਦਸਿਆਂ ਜਾਂ ਗੋਲੀਬਾਰੀ ਵਿਚ ਮਾਰੇ ਗਏ ਹਨ। ਫਿਰ ਵੀ ਰਿਸ਼ਤੇਦਾਰ ਸਬਕ ਨਹੀਂ ਲੈਂਦੇ। ਲੋਕ ਇਹ ਜਾਣਦੇ ਹੋਏ ਕਿ ਉਹ ਖ਼ਤਰਨਾਕ "ਡੌਂਕੀ" ਰਸਤਿਆਂ ਤੋਂ ਗੁਜ਼ਰਨਗੇ, ਕਿਸੇ ਵੀ ਤਰ੍ਹਾਂ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਤਿਆਰ ਹਨ। ਦੂਜੇ ਪਾਸੇ, ਮਾਨਸਕ ਸਿਹਤ ਸੰਕਟ ਉਨ੍ਹਾਂ ਲੋਕਾਂ ਵਿਚ ਵੱਧ ਗਿਆ ਹੈ ਜੋ ਅਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਹੀਂ ਕਰ ਸਕਦੇ ਹਨ।

ਐਨ.ਆਰ.ਆਈ ਸਭਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗਿੱਲ ਨੇ ਕਿਹਾ, "ਸਰਕਾਰ ਨੂੰ ਵਿਦੇਸ਼ ਜਾਣ ਵਾਲਿਆਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਮਝਦਾਰੀ ਨਾਲ ਕੰਮ ਕਰਨ ਲਈ ਸਿੱਖਿਅਤ ਕਰਨ। ਨੌਜੁਆਨ ਪਾਗਲਪਨ ਦੀ ਦੌੜ 'ਚ ਵਿਦੇਸ਼ਾਂ ਵਲ ਜਾ ਰਹੇ ਹਨ। ਵਿਦੇਸ਼ਾਂ ਵਿਚ ਜਾ ਕੇ ਪਤਾ ਨਹੀਂ ਕੀ ਕਰਦੇ ਹਨ, ਕੁਝ ਗੈਂਗ ਬਣਾ ਰਹੇ ਹਨ। ਅਸੀਂ ਕੁਝ ਮਾਮਲਿਆਂ ਵਿਚ ਸੀ.ਬੀ.ਆਈ. ਦੀ ਮਦਦ ਵੀ ਮੰਗੀ ਸੀ।''