ਪੰਜਾਬ ਭਾਜਪਾ ਦਾ ਬੋਝਾ ਖ਼ਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਜਨਤਾ ਪਾਰਟੀ ਨੂੰ ਨੋਟਬੰਦੀ ਅਤੇ ਆਮ ਵਸਤਾਂ ਟੈਕਸ (ਜੀਐਸਟੀ) ਲਾਉਣ ਦਾ ਫ਼ੈਸਲਾ ਪੁੱਠਾ ਪੈਣ ਲੱਗਾ..........

Shwait Malik

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੂੰ ਨੋਟਬੰਦੀ ਅਤੇ ਆਮ ਵਸਤਾਂ ਟੈਕਸ (ਜੀਐਸਟੀ) ਲਾਉਣ ਦਾ ਫ਼ੈਸਲਾ ਪੁੱਠਾ ਪੈਣ ਲੱਗਾ ਹੈ। ਪੰਜਾਬ ਭਾਜਪਾ ਨੂੰ ਚੰਦਾ ਮਿਲਣ ਤੋਂ ਹੱਟ ਗਿਆ ਹੈ ਅਤੇ ਖੀਸਾ ਖ਼ਾਲੀ ਹੋ ਕੇ ਰਹਿ ਗਿਆ ਹੈ। ਪੰਜਾਬ ਭਾਜਪਾ ਦੇ ਨਵੇਂ ਚੁਣੇ ਪ੍ਰਧਾਨ ਸ਼ਵੇਤ ਮਲਿਕ ਨੇ 20 ਕਰੋੜ ਪਾਰਟੀ ਫ਼ੰਡ ਇਕੱਠਾ ਕਰਨ ਦਾ ਟੀਚਾ ਮਿਥਿਆ ਸੀ ਪਰ ਉਗਰਾਹੀ ਇਕ ਕਰੋੜ ਨੂੰ ਨਹੀਂ ਟੱਪ ਰਹੀ।  ਭਾਜਪਾ ਦਾ ਪੱਕਾ ਵੋਟ ਬੈਂਕ ਮੰਨਿਆ ਜਾ ਰਿਹਾ ਵਪਾਰੀ ਵਰਗ ਨੋਟਬੰਦੀ ਤੇ ਜੀਐਸਟੀ ਤੋਂ ਬਾਅਦ ਪਾਰਟੀ ਤੋਂ ਮੂੰਹ ਫੇਰ ਗਿਆ ਹੈ।

ਪਾਰਟੀ ਵਰਕਰਾਂ ਵਿਚ ਫ਼ੰਡ ਇਕੱਠਾ ਕਰਨ ਲਈ ਉਤਸ਼ਾਹ ਨਹੀਂ। ਪੰਜਾਬ ਭਾਜਪਾ ਅੰਦਰਲਾ ਵਿਰੋਧੀ ਧੜਾ ਖ਼ਜ਼ਾਨਾ ਭਰਨ ਲਈ ਹੰਭਲਾ ਮਾਰਨ ਤੋਂ ਇਨਕਾਰੀ ਹੀ ਨਹੀਂ, ਸਗੋਂ ਅਪਣੇ ਹਮਾਇਤੀਆਂ ਨੂੰ ਦਬਵੀਂ ਜ਼ੁਬਾਨ ਵਿਚ ਵਿਰੋਧ ਦਾ ਸੁਨੇਹਾ ਵੀ ਦੇ ਰਿਹਾ ਹੈ। ਵਿਰੋਧੀ ਧੜਿਆਂ ਦੀ ਥਾਂ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਚ ਮੀਟਿੰਗਾਂ ਤੇ ਪ੍ਰੈੱਸ ਕਾਨਫ਼ਰੰਸਾਂ ਕਰਨੀਆਂ ਬੰਦ ਕਰ ਦਿਤੀਆਂ ਗਈਆਂ ਹਨ। ਸ਼ਵੇਤ ਮਲਿਕ ਧੜੇ ਦੇ ਕਈ ਸੀਨੀਅਰ ਨੇਤਾ ਵੀ ਨਾਰਾਜ਼ ਦਿਸ ਰਹੇ ਹਨ। ਉਨ੍ਹਾਂ ਦਾ ਮਿਹਣਾ ਹੈ ਕਿ ਮਲਿਕ ਨੇ ਪਹਿਲੇ ਪ੍ਰਧਾਨ ਵਿਜੈ ਸਾਂਪਲਾ ਵਲੋਂ ਨਿਯੁਕਤ ਕੀਤੇ

ਸੂਬਾ ਖ਼ਜ਼ਾਨਚੀ ਅਤੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਦੀ ਥਾਂ ਨਵੇਂ ਬੰਦੇ ਨਹੀਂ ਲਾਏ ਹਨ। ਲੁਧਿਆਣਾ ਸਨਅਤ ਦਾ ਗੜ੍ਹ ਹੈ ਅਤੇ ਪਾਰਟੀ ਨੂੰ ਇਥੋਂ ਹੀ ਜ਼ਿਆਦਾਤਰ ਫ਼ੰਡ ਮਿਲਦਾ ਰਿਹਾ ਹੈ।  ਪ੍ਰਧਾਨ ਸ਼ਵੇਤ ਮਲਿਕ ਨੇ ਪਾਰਟੀ ਵਰਕਰਾਂ ਨੂੰ 20 ਕਰੋੜ ਪਾਰਟੀ ਫ਼ੰਡ ਇਕੱਠਾ ਕਰਨ ਦਾ ਟੀਚਾ ਦਿਤਾ ਸੀ ਪਰ 19 ਜੂਨ ਦੀ ਚੰਡੀਗੜ੍ਹ ਵਿਚ ਹੋਈ ਰੀਵਿਊ ਕਮੇਟੀ ਦੀ ਬੈਠਕ ਵਿਚ ਮਿਲੇ ਨਿਰਾਸ਼ਾਜਨਕ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਉਗਰਾਹੀ ਹਾਲੇ ਇਕ ਕਰੋੜ ਤੋਂ ਵੀ ਨਹੀਂ ਟੱਪੀ।  

ਉਸ ਦਿਨ ਦੀ ਮੀਟਿੰਗ ਵਿਚ ਸੂਬਾਈ ਪਾਰਟੀ ਵਰਕਰਾਂ ਨੂੰ 'ਜੀਵਨ ਸਹਿਯੋਗੀ ਨਿਧੀ' (ਮੈਂਬਰਸ਼ਿਪ) ਦੇ ਨਾਂ ਹੇਠ 1200-1200 ਦੀ ਪਰਚੀ ਕੱਟਣ ਦੀ ਹਦਾਇਤ ਦਿਤੀ ਗਈ ਸੀ।  ਰਾਜ ਵਿਚ ਪਾਰਟੀ ਦੇ ਸਰਗਰਮ ਮੈਂਬਰਾਂ ਦੀ ਗਿਣਤੀ 20 ਹਜ਼ਾਰ ਦੇ ਕਰੀਬ ਦੱਸੀ ਗਈ ਹੈ ਪਰ ਇਨ੍ਹਾਂ ਵਿਚੋਂ ਹਾਲੇ ਜ਼ਿਆਦਾਤਰ ਅਪਣੀ ਜੇਬ ਹਲਕੀ ਕਰਨ ਤੋਂ ਟਾਲਾ ਵੱਟ ਰਹੇ ਹਨ। ਸੂਤਰ ਦਸਦੇ ਹਨ ਕਿ ਪਾਰਟੀ ਪ੍ਰਧਾਨ ਨੇ ਫ਼ੰਡ ਦਾ ਟੀਚਾ 20 ਕਰੋੜ ਤੋਂ ਘੱਟ ਨਹੀਂ ਕੀਤਾ, ਸਗੋਂ ਵਰਕਰਾਂ 'ਤੇ ਉਗਰਾਹੀ ਤੇਜ਼ ਕਰਨ ਦਾ ਦਬਾਅ ਪਾ ਦਿਤਾ ਹੈ। ਪੰਜਾਬ ਵਿਧਾਨ ਸਭਾ ਵਿਚ ਭਾਜਪਾ ਦੇ ਤਿੰਨ ਵਿਧਾਇਕ ਹਨ ਅਤੇ ਲੋਕ ਸਭਾ ਵਿਚ ਇਕ ਪਾਰਲੀਮੈਂਟ ਮੈਂਬਰ ਹੈ।

ਪਾਰਟੀ ਪ੍ਰਧਾਨ ਇਨ੍ਹਾਂ ਚਾਰਾਂ ਵਲੋਂ ਵੀ ਕੁੱਝ ਮਿਲਣ ਦੀ ਉਮੀਦ ਮੁਕਾਈ ਬੈਠੇ ਹਨ। ਇਕ ਵਖਰੀ ਜਾਣਕਾਰੀ ਅਨੁਸਾਰ ਪਾਰਟੀ ਪ੍ਰਧਾਨ ਨੇ ਖ਼ਜ਼ਾਨੇ ਵਲ ਨੂੰ ਪੈਸੇ ਦਾ ਮੂੰਹ ਮੋੜਨ ਲਈ ਨਗਰ ਨਿਗਮ ਅਤੇ ਕੌਂਸਲਾਂ ਦੇ ਕੌਂਸਲਰਾਂ ਨੂੰ ਅਪਣੀ ਇਕ-ਇਕ ਮਹੀਨੇ ਦੀ ਤਨਖ਼ਾਹ ਪਾਰਟੀ ਫ਼ੰਡ ਵਜੋਂ ਜਮ੍ਹਾਂ ਕਰਾਉਣ ਲਈ ਕਿਹਾ ਹੈ। ਸ਼ਵੇਤ ਮਲਿਕ ਦੇ ਇਕ ਨੇੜਲੇ ਸਾਥੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ

ਕਿ ਨਵੇਂ ਪ੍ਰਧਾਨ ਨੂੰ ਅਪਣੇ ਪੱਖੀ ਸੀਨੀਅਰ ਨੇਤਾਵਾਂ ਨੂੰ ਅੱਖੋਂ ਪਰੋਖੇ ਕਰਨਾ ਅਤੇ 'ਨੇੜਲਿਆਂ' ਵਿਚ ਘਿਰ ਜਾਣਾ ਮਹਿੰਗਾ ਪੈਣ ਲੱਗਾ ਹੈ। ਇਸ ਤੋਂ ਬਿਨਾਂ ਵਰਕਰਾਂ ਵਿਚ ਪੁਰਾਣੇ ਅਹੁਦੇਦਾਰਾਂ ਨੂੰ ਨਾ ਬਦਲਣ ਕਰ ਕੇ ਵੀ ਰੋਸ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਪੈਸੇ ਦਾ ਪਸਾਰ ਘੱਟ ਗਿਆ ਹੈ, ਉਤੋਂ ਵਪਾਰੀ ਨੋਟਬੰਦੀ ਅਤੇ ਜੀਐਸਟੀ ਦੀ ਮਾਰ ਕਾਰਨ ਪਾਰਟੀ ਹਾਈ ਕਮਾਂਡ ਨਾਲ ਨਾਰਾਜ਼ ਚਲ ਰਹੇ ਹਨ।